ਪੰਜਾਬ ਦੇ ਕੋਨੇ-ਕੋਨੇ ’ਚ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਦਿਤੀਆਂ ਗਈਆਂ ਸ਼ਰਧਾਂਜਲੀਆਂ
ਪੰਜਾਬ ਦੇ ਕੋਨੇ-ਕੋਨੇ ’ਚ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਦਿਤੀਆਂ ਗਈਆਂ ਸ਼ਰਧਾਂਜਲੀਆਂ
ਚੰਡੀਗੜ੍ਹ, 20 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਭਾਰੀ ਗਿਣਤੀ ’ਚ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਅੱਜ 25ਵੇਂ ਦਿਨ ਵੀ ਡਟੇ ਹੋਏ ਸਨ। ਇਸ ਦੌਰਾਨ ਇਸ ਅੰਦੋਲਨ ’ਚ ਕਰੀਬ 25 ਕਿਸਾਨਾਂ ਦੀ ਮੌਤ ਹੋ ਗਈ। ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਵਲੋਂ ਫ਼ੈਸਲਾ ਲਿਆ ਗਿਆ ਸੀ ਕਿ 20 ਦਸੰਬਰ ਨੂੰ ਇਨ੍ਹਾਂ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣਗੀਆਂ। ਇਸੇ ਪ੍ਰੋਗਰਾਮ ਤਹਿਤ ਪੰਜਾਬ ਦੇ ਕੋਨੇ-ਕੋਨੇ ’ਚ ਇਨ੍ਹਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸਿਰਸਾ ਤੋਂ ਸੁਰਿੰਦਰਪਾਲ ਸਿੰਘ ਅਨੁਸਾਰ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਅੱਜ ਇਥੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਸ਼ਰਧਾਂਜਲੀਆਂ ਦਿਤੀਆਂ ਗਈਆਂ। ਇਸ ਮੌਕੇ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕ ਵੀ ਹਾਜ਼ਰ ਸਨ।
ਲਹਿਰਾਗਾਗਾ ਤੋਂ ਭੁੱਲਰ ਅਨੁਸਾਰ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਵਿਰੁਧ ਪਹਿਲੀ ਅਕਤੂਬਰ ਤੋਂ ਮੋਦੀ ਅਤੇ ਕਾਰਪੋਰਟਰਾਂ ਵਿਰੁਧ ਰਿਲਾਇੰਸ ਪੰਪ ਅੱਗੇ ਸ਼ੁਰੂ ਕੀਤਾ ਪੱਕਾ ਧਰਨਾ ਅੱਜ 81ਵੇਂ ਦਿਨ ’ਚ ਦਾਖ਼ਲ ਹੋ ਗਿਆ। ਇਸ ਮੌਕੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਗਈਆਂ।
ਬਨੂੜ ਤੋਂ ਅਵਤਾਰ ਸਿੰਘ ਅਨੁਸਾਰ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਅੱਜ ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਅਜੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਚੱਲ ਰਹੇ ਧਰਨੇ ਵਿਚ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨਮਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਨੇ ਇਸ ਮੌਕੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਤੇ ਭੋਗ ਸ਼ਹੀਦ ਕਿਸਾਨਾਂ ਨਮਿਤ ਅਰਦਾਸ ਕਰਦਿਆਂ ਕਿਸਾਨ ਸੰਘਰਸ਼ ਦੀ ਜਿੱਤ ਅਤੇ ਸੰਘਰਸ਼ੀ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਭਵਾਨੀਗੜ੍ਹ ਤੋਂ ਗੁਰਪ੍ਰੀਤ ਸਿੰਘ ਅਨੁਸਾਰ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਸ਼ਹੀਦ ਹੋਏ ਕਿਸਾਨ, ਨੌਜਵਾਨ ਅਤੇ ਬੀਬੀਆਂ ਨੂੰ ਟੋਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ, ਰਿਲਾਇੰਸ ਪੰਪ ਬਾਲਦ ਕਲਾਂ ਅਤੇ ਬਲਾਕ ਦੇ ਪਿੰਡਾਂ ਵਿਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਅਨੁਸਾਰ : ਵਾਰਡ ਨੰ:1 ਠੂਠਿਆਂ ਵਾਲੀ ਰੋਡ ਮਾਨਸਾ ਵਿਖੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਕ੍ਰਿਸਨ ਚੌਹਾਨ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਤੇ ਕਿਸਾਨ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ।
ਮਹਿਲਕਲਾਂ ਤੋਂ ਜਗਦੇਵ ਸਿੰਘ ਸੇਖੋਂ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਦੇ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਵਿਰੁਧ 30 ਕਿਸਾਨ ਜਥੇਬੰਦੀਆਂ ਵਲਂੋ ਸਮੁੱਚੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ ਲੁਧਿਆਣਾ ਬਰਨਾਲਾ ਮੁੱਖ ਮਾਰਗ ’ਤੇ ਕਸਬਾ ਮਹਿਲ ਕਲਾਂ ਦੇ ਟੋਲ ਪਲਾਜ਼ੇ ਵਿਖੇ ਲਗਾਤਾਰ ਚੱਲ ਰਹੇ ਪੱਕੇ ਮੋਰਚੇ 81ਵੇਂ ਦਿਨ ਬੀ ਕੇ ਯੂ ਡਕੌਂਦਾ ਬੀ ਕੇ ਯੂ ਕਾਦੀਆਂ ਅਤੇ ਜਮਹੂਰੀ ਕਿਸਾਨ ਸਭਾ ਵਲੋਂ ਜਾਰੀ ਰਖਦਿਆਂ ਵੱਡੀ ਗਿਣਤੀ ਕਿਸਾਨ ਮਰਦ/ਔਰਤਾਂ ਵਲੋਂ ਕਿਸਾਨ ਅੰਦੋਲਨ ਦੌਰਾਨ ਸ਼ਹਾਦਤਾਂ ਦੇਣ ਵਾਲੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਬਠਿੰਡਾ ਤੋਂ ਸੁਖਜਿੰਦਰ ਮਾਨ ਅਨੁਸਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਚੱਲ ਰਹੇ ਮੋਰਚੇ ਦੌਰਾਨ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਅੱਜ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਪਿੰਡ ਪਿੰਡ ਸ਼ਰਧਾਂਜਲੀ ਦੇਣ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲ੍ਹਾ ਬਠਿੰਡਾ ਦੇ 31 ਪਿੰਡਾਂ ਵਿੱਚ ਦੋ ਮਿੰਟ ਦਾ ਮੋਨ ਧਾਰਨ ਤੋਂ ਬਾਅਦ ਸ਼ਹੀਦੋ ਥੋਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਹਰਿਆਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਰਾਏਕੋਟ ਤੋਂ ਜਸਵੰਤ ਸਿੰਘ ਸਿੱਧੂ ਅਨੁਸਾਰ ਕਾਲੇ ਖੇਤੀ ਸੁਧਾਰ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਵੱਖ-ਵੱਖ ਥਾਵਾਂ ’ਤੇ 41 ਕਿਸਾਨਾਂ ਅਤੇ ਸਮਰਥਕਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਪੂਰੇ ਪੰਜਾਬ ਵਿਚ ਟੋਲ ਪਲਾਜ਼ਿਆਂ ਸਮੇਤ ਹੋਰਨਾਂ ਧਰਨਾ ਸਥਾਨਾਂ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਲੁਧਿਆਣਾ ਬਠਿੰਡਾ ਰਾਜ ਮਾਰਗ ਪਿੰਡ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ’ਤੇ ਵੀ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇੇਠ ਚਲ ਰਹੇ ਧਰਨੇ ਵਾਲੀ ਥਾਂ ਤੇ ਅੱਜ ਆਯੋਜਤ ਸ਼ਰਧਾਂਜਲੀ ਸਮਾਰੋਹ ਦੌਰਾਨ ਸਵੇਰੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ।
ਕੋਟਕਪੂਰਾ ਤੋਂ ਗੁਰਮੀਤ ਸਿੰੰਘ ਮੀਤਾ ਅਨੁਸਾਰ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਣ ਦੇ ਮਨੋਰਥ ਨਾਲ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ’ਚ ਹੁਣ ਤਕ 24 ਵਿਅਕਤੀ ਅਪਣੀਆਂ ਜਾਨਾ ਗਵਾ ਕੇ ਸ਼ਹੀਦ ਹੋ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿਤੇ ਗਏ ਸੱਦੇ ਤਹਿਤ ਅੱਜ ਸਥਾਨਕ ਮਿਉਂਸਪਲ ਪਾਰਕ ਵਿਖੇ ਇਕੱਠੇ ਹੋਏ ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਐਸਡੀਐਮ ਦਫ਼ਤਰ ਤਕ ਰੋਸ ਮਾਰਚ ਕਰਦਿਆਂ ਤਿੱਖੀ ਨਾਹਰੇਬਾਜ਼ੀ ਕੀਤੀ ਗਈ।
ਡੱਬੀ
ਮਾਝੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਦਿਤੀ ਸ਼ਰਧਾਂਜਲੀ
ਅੰਮ੍ਰਿਤਸਰ, 20 ਦਸੰਬਰ (ਸੁਰਜੀਤ ਸਿੰਘ ਖ਼ਾਲਸਾ): ਕੇਂਦਰੀ ਸਰਕਾਰ ਵਲੋਂ ਬਣਾਏ ਗਏ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਰੇਲ ਰੋਕੋ ਅਭਿਆਨ ਚੱਲ ਰਿਹਾ ਹੈ ਤੇ ਨਾਲ ਹੀ ਉਹ ਦਿੱਲੀ ਬੈਠੇ ਕਿਸਾਨਾਂ ਨੂੰ ਵੀ ਸਮਰਥਨ ਦੇ ਰਹੀ ਹੈ। ਅੱਜ ਦਿੱਲੀ ਤੋਂ ਐਲਾਨੇ ਪ੍ਰੋਗਰਾਮ ਤਹਿਤ ਕਮੇਟੀ ਨੇ ਮਾਝੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਗੁਰਦਵਾਰਾ ਸਾਹਿਬਾਨ ’ਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।