'ਰੇਲ ਰੋਕੋ ਅੰਦੋਲਨ' 'ਚ ਹਿੱਸਾ ਲੈਣ ਵਾਲੇ ਕਿਸਾਨ ਦੀ ਹੱਡ ਚੀਰਵੀ ਠੰਡ ਕਾਰਨ ਮੌਤ
ਜਥੇਬੰਦੀ ਵਲੋਂ ਰੇਲਵੇ ਸਟੇਸ਼ਨ ਟਾਂਡਾ ਵਿਖੇ ਰੇਲਵੇ ਟਰੈਕ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ।
ਟਾਂਡਾ ਉੜਮੁੜ : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਟਾਂਡਾ ਰੇਲਵੇ ਸਟੇਸ਼ਨ 'ਤੇ ਧਰਨੇ ਦੌਰਾਨ ਬੀਤੀ ਰਾਤ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਰਤਨ ਸਿੰਘ ਉਮਰ ਕਰੀਬ 65 ਸਾਲ ਪੁੱਤਰ ਖਜਾਨ ਸਿੰਘ ਵਾਸੀ ਲਾਧੂਭਾਣਾ ਜਿਲ੍ਹਾ ਗੁਰਦਾਸਪੁਰ ਵਜੋਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਜਥੇਬੰਦੀ ਵਲੋਂ ਰੇਲਵੇ ਸਟੇਸ਼ਨ ਟਾਂਡਾ ਵਿਖੇ ਰੇਲਵੇ ਟਰੈਕ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ।
ਇਸ ਧਰਨੇ ਵਿੱਚ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਿਸਾਨ ਸ਼ਾਮਲ ਹੋਏ। ਬੀਤੀ ਰਾਤ ਕਿਸਾਨ ਰੇਲਵੇ ਟਰੈਕ 'ਤੇ ਆਪਣੀਆਂ ਟਰਾਲੀਆਂ ਵਿਚ ਸੁੱਤੇ ਪਏ ਸਨ। ਇਸ ਦੌਰਾਨ ਬੀਤੀ ਰਾਤ ਇੱਕ ਕਿਸਾਨ ਦੀ ਜ਼ਿਆਦਾ ਠੰਢ ਕਾਰਨ ਮੌਤ ਹੋ ਗਈ, ਜਿਸ ਬਾਰੇ ਕਿਸਾਨਾਂ ਨੂੰ ਸਵੇਰੇ ਪਤਾ ਲੱਗਾ।