ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ਼ FIR ਦਰਜ, ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ
ਮਜੀਠੀਆ ਖ਼ਿਲਾਫ਼ ਇਹ ਐੱਫ. ਆਈ. ਆਰ. ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਅਧਾਰ 'ਤੇ ਧਾਰਾ 25, 27 ਏ, 29 NDPS ਤਹਿਤ ਦਰਜ ਕੀਤੀ ਗਈ ਹੈ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਐੱਫ. ਆਈ. ਆਰ. ਬਿਓਰੋ ਆਫ ਇਨਵੈਸਟੀਗੇਸ਼ਨ ਥਾਣਾ ਮੋਹਾਲੀ 'ਚ ਦਰਜ ਕੀਤੀ ਗਈ ਹੈ। ਮਜੀਠੀਆ ਖ਼ਿਲਾਫ਼ ਇਹ ਐੱਫ. ਆਈ. ਆਰ. ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਅਧਾਰ 'ਤੇ ਧਾਰਾ 25, 27 ਏ, 29 NDPS ਤਹਿਤ ਦਰਜ ਕੀਤੀ ਗਈ ਹੈ।
ਇਸ ਬਾਰੇ ਪੁਲਿਸ ਵੱਲੋਂ ਅਜੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਹਾਲਾਂਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਕੁੱਝ ਦੱਸਣ ਲਈ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐੱਫ. ਆਈ. ਆਰ. ਬੀਤੀ ਰਾਤ ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਕ ਡਰੱਗਜ਼ ਮਾਮਲੇ ਨੂੰ ਲੈ ਕੇ ਪੁਲਿਸ ਨੇ ਮਜੀਠੀਆ ਖ਼ਿਲਾਫ਼ ਇਕ ਨਵਾਂ ਕੇਸ ਦਰਜ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਲਈ ਹੈ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾਅਵਾ ਕਰ ਰਹੇ ਸਨ ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ 'ਚ ਮਜੀਠੀਆ ਦਾ ਨਾਂ ਸ਼ਾਮਲ ਹੈ। ਇਹ ਰਿਪੋਰਟ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦੀ ਅਗਵਾਈ 'ਚ ਤਿਆਰ ਕੀਤੀ ਗਈ ਹੈ। ਪਿਛਲੇ ਦਿਨੀਂ ਡਰਗੱਜ਼ ਮਾਮਲੇ ਨੂੰ ਲੈ ਕੇ ਮਜੀਠੀਆ 'ਤੇ ਮੁੜ ਲਗਾਤਾਰ ਦੋਸ਼ ਲੱਗ ਰਹੇ ਸਨ।