ਮਜੀਠੀਆ 'ਤੇ FIR ਤੋਂ ਬਾਅਦ ਗਰਜੇ ਕੁਲਬੀਰ ਜ਼ੀਰਾ - 'ਨਸ਼ਿਆਂ ਕਾਰਨ ਉਜੜੇ ਪਰਵਾਰਾਂ ਨੂੰ ਮਿਲਿਆ ਇਨਸਾਫ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮੈਨੂੰ 2 ਫੁੱਟ ਦਾ ਦੱਸਣ ਵਾਲਾ ਖ਼ੁਦ ਸਾਢੇ 6 ਫੁੱਟ ਦਾ ਲੱਭਿਆ ਹੀ ਨਹੀਂ ਪਤਾ ਨੀ ਕਿਹੜੀ ਖੁੱਡ ਵਿਚ ਵੜ੍ਹ ਗਿਆ ਹੈ

Kulbir Zira roars after FIR on Majithia - 'Justice for families displaced by drugs'

ਚੰਡੀਗੜ੍ਹ (ਸੁਰਖ਼ਾਬ ਚੰਨ) : ਨਸ਼ਿਆਂ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਖ਼ਿਲਾਫ਼ FIR ਦਰਜ ਹੋ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਇਸ ਬਾਬਤ ਕੁਲਬੀਰ ਜ਼ੀਰਾ ਨੇ ਗਲਬਾਤ ਕਰਦਿਆਂ ਕਿਹਾ ਸਾਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਇਹ ਕਾਰਵਾਈ ਕਾਂਗਰਸ ਸਰਕਾਰ ਨੇ ਕਾਰਜਕਾਲ ਦੇ ਅਖੀਰਲੇ ਸਮੇਂ ਵਿਚ ਕੀਤੀ ਹੈ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਸਾਨੂੰ ਸਮਾਂ ਹੀ ਅਖੀਰਲਾ ਮਿਲਿਆ ਹੈ ਤਾਂ ਇਹ ਸਵਾਲ ਕਿਉਂ?

ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਪਹਿਲਾਂ ਜੀਜਾ ਅਤੇ ਫਿਰ ਚਾਚੇ ਵਲੋਂ ਲਗਾਤਾਰ ਬਚਾਅ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਨਸ਼ੇ ਹੋਣ ਜਾਂ ਬੇਅਦਬੀ, ਇਹ ਦੋਵੇਂ ਹੀ ਬਹੁਤ ਵੱਡੇ ਮੁੱਦੇ ਸਨ ਜਿਨ੍ਹਾਂ 'ਤੇ ਹੁਣ ਚੰਨੀ ਸਰਕਾਰ ਨੇ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਮਾਨਯੋਗ ਹੈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ ਕਿਸੇ 'ਤੇ ਵੀ ਨਾਜਾਇਜ਼ ਪਰਚਾ ਨਹੀਂ ਕੀਤਾ ਗਿਆ।

ਸਾਢੇ ਚਾਰ ਸਾਲ ਤਕ ਕੈਪਟਨ ਅਮਰਿੰਦਰ ਇਹੀ ਗੱਲ ਕਰਦੇ ਰਹੇ ਕਿ 'ਬੰਦ ਲਿਫ਼ਾਫ਼ਾ-ਬੰਦ ਲਿਫ਼ਾਫ਼ਾ' ਅਤੇ ਅਸੀਂ ਸਾਰੇ ਕਹਿੰਦੇ ਰਹੇ ਕਿ ਲਿਫ਼ਾਫ਼ਾ ਖੋਲ੍ਹੋ। ਜ਼ੀਰਾ ਨੇ ਕਿਹਾ ਕਿ ਜਦੋਂ ਦੇ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਹਨ ਪੰਜਾਬ ਦੀ ਜਨਤਾ ਦੇ ਚਿਹਰੇ 'ਤੇ ਖੁਸ਼ੀ ਹੈ ਅਤੇ ਕਿਸੇ ਨੇ ਵੀ ਇਹ ਸਵਾਲ ਨਹੀਂ ਕੀਤਾ ਕਿ ਇਨ੍ਹਾਂ ਮਾਮਲਿਆਂ ਵਿਚ ਕਾਰਵਾਈ ਕਦੋਂ ਹੋਵੇਗੀ।

ਲੋਕਾਂ ਨੂੰ ਵਿਸ਼ਵਾਸ ਸੀ ਕਿ ਚਰਨਜੀਤ ਚੰਨੀ ਕਾਰਵਾਈ ਕਰਨਗੇ ਅਤੇ ਜਦੋਂ ਅੱਜ ਕਾਰਵਾਈ ਹੋ ਗਈ ਹੈ ਤਾਂ ਮੈਂ ਕਹਿੰਦਾ ਹਾਂ ਕਿ ਇਹ ਉਸ STF ਦੀ ਰਿਪੋਰਟ 'ਤੇ ਹੋਈ ਹੈ। ਉਸ ਰਿਪੋਰਟ ਤਹਿਤ ਜਿਹੜੇ ਜਿਹੜੇ ਬੰਦੇ ਫੜ੍ਹੇ ਗਏ ਸਨ ਭਾਵੇਂ ਉਹ ਜਗਦੀਸ਼ ਭੋਲਾ ਹੋਵੇ ਜਾਂ ਦੂਜੇ ਬੰਦੇ ਹੋਣ, ਉਨ੍ਹਾਂ ਦੇ ਬਿਆਨ ਦੇ ਅਧਾਰ 'ਤੇ ਹੀ ਕਾਰਵਾਈ ਹੋਈ ਹੈ। ਮਾਣਯੋਗ ਹਾਈ ਕੋਰਟ ਨੇ ਵੀ ਇਹ ਹੀ ਗੱਲ ਆਖੀ ਸੀ ਕਿ ਇਸ ਮਾਮਲੇ 'ਚ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।

ਸ਼੍ਰੋਮਣੀ ਅਕਾਲੀ ਦਲ ਵਲੋਂ ਸਿਆਸੀ ਬਦਲਾਖ਼ੋਰੀ ਦੇ ਲਗਾਏ ਜਾ ਰਹੇ ਇਲਜ਼ਾਮਾਂ 'ਤੇ ਬੋਲਦਿਆਂ ਜ਼ੀਰਾ ਨੇ ਕਿਹਾ ਕਿ ਅਸੀਂ ਮਾਨਯੋਗ ਹਾਈ ਕੋਰਟ ਦਾ ਹੁਕਮ ਮੰਨ ਕੇ ਕਾਰਵਾਈ ਕੀਤੀ ਹੈ ਜੇਕਰ ਇਹ ਇੰਨੇ ਹੀ ਸੱਚੇ-ਸੁੱਚੇ ਹਨ ਤਾਂ ਡਰ ਕਿਸ ਗੱਲ ਦਾ? ਚੋਰ ਨੂੰ ਪਾਲਾ ਮਾਰਦਾ ਹੁੰਦਾ ਹੈ। ਸੁਖਬੀਰ ਬਾਦਲ ਅਦਾਲਤ 'ਤੇ ਭਰੋਸਾ ਕਰਨ ਅਤੇ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਜਾਵੇ। ਜੇਕਰ ਉਹ ਦੋਸ਼ੀ ਨਹੀਂ ਹੋਣਗੇ ਤਾਂ ਅਦਾਲਤ ਉਨ੍ਹਾਂ ਨੂੰ ਬਰੀ ਕਰ ਹੀ ਦੇਵੇਗੀ।

15 ਤਰੀਕ ਦੀ ਮੋਗਾ ਰੈਲੀ ਤੋਂ ਬਾਅਦ ਬੜ੍ਹਕਾਂ ਮਾਰਦਾ ਸੀ। ਮੈਨੂੰ 2 ਫੁੱਟ ਦਾ ਦੱਸਣ ਵਾਲਾ ਖ਼ੁਦ ਸਾਢੇ 6 ਫੁੱਟ ਦਾ ਲੱਭਿਆ ਹੀ ਨਹੀਂ ਪਤਾ ਨੀ ਕਿਹੜੀ ਖੁੱਡ ਵਿਚ ਵੜ੍ਹ ਗਿਆ ਹੈ। ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਬਿਕਰਮ ਮਜੀਠੀਆ ਜਿਥੇ ਵੀ ਲੁਕਿਆ ਹੋਵੇਗਾ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਜ਼ੀਰਾ ਨੇ ਅੱਗੇ ਬੋਲਦਿਆਂ ਕਿਹਾ ਕਿ ਜਿਹੜੀ ਚਿੱਠੀ ਵੀ ਲੀਕ ਹੋਈ ਸੀ ਭਾਵੇਂ ਉਹ ਅਸਥਾਨਾਂ ਹੋਣ ਜਾਂ ਕੋਈ ਹੋਰ ਉਨ੍ਹਾਂ 'ਤੇ ਵੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਸਾਥ ਦੇਣ ਵਾਲੇ ਹਰ ਸ਼ਖ਼ਸ 'ਤੇ ਕਾਰਵਾਈ ਹੋਵੇਗੀ ਭਾਵੇਂ ਉਹ ਕਾਂਗਰਸ ਦਾ ਹੀ ਕਿਉਂ ਨਾ ਹੋਵੇ। ਜਿਹੜੇ ਵੀ ਅਪਰਾਧੀ ਜਾਂ ਦੋਸ਼ੀ ਹੁੰਦੇ ਹਨ ਉਹ ਜਨਤਾ ਜਾਂ ਕਾਨੂੰਨ ਤੋਂ ਕਦੇ ਵੀ ਬਚ ਨਹੀਂ ਸਕਦੇ।

ਕੁਲਬੀਰ ਜ਼ੀਰਾ ਨੇ ਕਿਹਾ ਕਿ ਮੇਰਾ ਬਿਕਰਮ ਮਜੀਠੀਆ ਨਾਲ ਕੋਈ ਨਿੱਜੀ ਫ਼ਵਾਦ ਨਹੀਂ ਹੈ ਪਰ ਜਦੋਂ ਵੀ ਮੈਂ ਪਿੰਡ ਵਿਚ ਜਾਂਦਾ ਸੀ ਤਾਂ ਜਿਨ੍ਹਾਂ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਅਤੇ ਉਹ ਔਰਤਾਂ ਜਿਨ੍ਹਾਂ ਦੇ ਸੁਹਾਗ ਇਸ ਨਸ਼ੇ ਦੀ ਬਲਿ ਚੜ੍ਹ ਗਏ ਉਨ੍ਹਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਪ੍ਰਣ ਕੀਤਾ ਸੀ ਕਿ ਨਸ਼ੇ ਦੇ ਸੌਦਾਗਰਾਂ ਨੂੰ ਸਜ਼ਾਵਾਂ ਦਿਵਾਈਆਂ ਜਾਣਗੀਆਂ ਅਤੇ ਹੁਣ ਉਹ ਸਮਾਂ ਆ ਗਿਆ ਹੈ।

ਜ਼ੀਰਾ ਨੇ ਕਿਹਾ ਕਿ ਇਸ ਸਬੰਧੀ 2017 ਵਿਚ ਸਭ ਤੋਂ ਪਹਿਲਾਂ ਮੈਂ ਫਿਰੋਜ਼ਪੁਰ ਵਿਖੇ ਸਟੇਜ ਤੋਂ ਕਿਹਾ ਸੀ ਕਿ ਇਸ ਮਾਮਲੇ ਵਿਚ ਨਕੇਲ ਕੱਸਣ ਲਈ ਸਾਨੂੰ ਛੋਟੀਆਂ ਨਹੀਂ ਵੱਡੇ ਮਗਰਮੱਛ ਫੜ੍ਹਨ ਦੀ ਲੋੜ ਹੈ। ਉਹ ਕਾਲੀਆਂ ਭੇਡਾਂ ਜੋ ਸਾਡੇ ਪੁਲਿਸ ਵਿਭਾਗ ਵਿਚ ਹਨ, ਉਨ੍ਹਾਂ ਨੂੰ ਬਾਹਰ ਕੱਢਣ ਦੀ ਲੋੜ ਹੈ ਅਤੇ ਉਹ ਸਿਆਸੀ ਆਗੂ ਜਿਹੜੇ ਇਸ ਵਿਚ ਸ਼ਾਮਲ ਹਨ ਉਨ੍ਹਾਂ ਨੂੰ ਫੜ੍ਹ ਕੇ ਅੰਦਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਕਾਰਵਾਈ ਲਈ ਮੈਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਧਨਵਾਦੀ ਹਾਂ ਜਿਨ੍ਹਾਂ ਨੇ ਲੋਕਾਂ ਵਲੋਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰਾ ਕੀਤਾ ਹੈ।