ਜਿਨ੍ਹਾਂ ਨੇ ਪੰਜਾਬ ’ਚ ਨਸ਼ਾ ਵਿਕਾਇਆ, ਉਹਨਾਂ ਨੂੰ ਜੇਲ੍ਹ ਜ਼ਰੂਰ ਭੇਜਿਆ ਜਾਵੇਗਾ- ਕੁਲਦੀਪ ਵੈਦ
ਕੁਲਦੀਪ ਵੈਦ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲੇ ਦਿਨ ਤੋਂ ਡਰੱਗ ਮਾਮਲੇ ’ਤੇ ਪਹਿਰਾ ਦਿੱਤਾ ਹੈ, ਪੰਜਾਬ ਸਰਕਾਰ ਨੇ ਨਸ਼ੇ ਦਾ ਲੱਕ ਤੋੜਿਆ ਹੈ।
ਲੁਧਿਆਣਾ: ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ’ਤੇ ਐੱਨਡੀਪੀਸੀ ਐਕਟ ਤਹਿਤ ਦਰਜ ਹੋਏ ਮਾਮਲਾ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਫਿਲਹਾਲ ਉਹਨਾਂ ਨੇ ਐਫਆਈਆਰ ਦੀ ਕਾਪੀ ਨਹੀਂ ਪੜ੍ਹੀ। ਉਹਨਾਂ ਕਿਹਾ ਕਿ ਹਰੇਕ ਸਰਕਾਰ ਕੋਈ ਵੀ ਫੈਸਲਾ ਸੋਚ ਸਮਝ ਕੇ ਲੈਂਦੀ ਹੈ।
ਕੁਲਦੀਪ ਵੈਦ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲੇ ਦਿਨ ਤੋਂ ਡਰੱਗ ਮਾਮਲੇ ’ਤੇ ਪਹਿਰਾ ਦਿੱਤਾ ਹੈ, ਪੰਜਾਬ ਸਰਕਾਰ ਨੇ ਨਸ਼ੇ ਦਾ ਲੱਕ ਤੋੜਿਆ ਹੈ। ਜਿਹੜੇ ਬੰਦਿਆਂ ਨੇ ਪੰਜਾਬ ਵਿਚ ਨਸ਼ਾ ਵਿਕਾਇਆ, ਉਹਨਾਂ ਨੂੰ ਜੇਲ ਜ਼ਰੂਰ ਭੇਜਿਆ ਜਾਵੇਗਾ। ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਹਰ ਕਾਰਵਾਈ ਕਾਨੂੰਨ ਮੁਤਾਬਿਕ ਹੀ ਹੋਵੇਗੀ, ਜੇ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਉਹਨਾਂ ਨੂੰ ਫੜ੍ਹਨਾ ਚਾਹੀਦਾ ਹੈ। ਸਭ ਕੁਝ ਕਾਨੂੰਨ ਮੁਤਾਬਕ ਹੋਵੇਗਾ, ਸਾਡੀ ਸਰਕਾਰ ਕਾਨੂੰਨ ਤੋਂ ਬਾਹਰ ਨਹੀਂ ਜਾਵੇਗੀ।
ਕੁਲਦੀਪ ਵੈਦ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਚ ਨਿੰਦਿਆਂ ਕੀਤੀ ਅਤੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸ ’ਤੇ ਤੁਰੰਤ ਐਸਆਈਟੀ ਗਠਿਤ ਕਰ ਦਿੱਤੀ ਹੈ ਅਤੇ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਰਾਣਾ ਗੁਰਜੀਤ ਸਿੰਘ ਵੱਲੋਂ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਉਹਨਾਂ ਕਿਹਾ ਕਿ ਜੇਕਰ ਘਰ ਵਿਚ ਕੋਈ ਲੜਾਈ ਹੁੰਦੀ ਹੈ ਤਾਂ ਉਸ ਦਾ ਨੁਕਸਾਨ ਵੀ ਹੁੰਦਾ ਹੈ।