ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨੂੰ ਮਿਲੇ ਰੁਜ਼ਗਾਰ, ਸਿੱਧੂ ਦਾ CM ਚੰਨੀ ਨੂੰ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ ਹੈ।

Navjot Singh Sidhu and CM Channi

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ ਹੈ। ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਟਵੀਟ ਵਿਚ ਸਿੱਧੂ ਨੇ ਲਿਖਿਆ '14 ਅਕਤੂਬਰ, 2015 ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਪੀੜਤਾਂ ਲਈ ਰੁਜ਼ਗਾਰ ਮੰਗਣ ਲਈ ਮਾਨਯੋਗ ਮੁੱਖ ਮੰਤਰੀ, ਪੰਜਾਬ ਨੂੰ ਸੰਬੋਧਿਤ ਪੱਤਰ।'

ਮੁੱਖ ਮੰਤਰੀ ਨੂੰ ਲਿਖੇ ਪੱਤਰ 'ਚ ਨਵਜੋਤ ਸਿੱਧੂ ਨੇ ਕਿਹਾ ਕਿ 6 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਡੀ ਸਰਕਾਰ ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਸ਼ਾਂਤਮਈ ਧਰਨੇ ਦੌਰਾਨ ਗੋਲੀਬਾਰੀ ਦੀਆਂ ਘਟਨਾਵਾਂ 'ਚ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਰੁਜ਼ਗਾਰ ਦੇਣ 'ਚ ਅਸਫਲ ਰਹੀ ਹੈ। ਪੁਲਿਸ ਦੀ ਬੇਰਹਿਮੀ ਲਈ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਸਾਡੀ ਸਰਕਾਰ ਦਾ ਫਰਜ਼ ਸੀ।

ਉਹਨਾਂ ਕਿਹਾ ਕਿ ਰਾਜਸੀ ਆਗੂਆਂ/ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਵਿਚ ਤਰਜੀਹ ਦੇਣ ਦੀ ਬਜਾਏ ਸਰਕਾਰ ਨੂੰ ਉਹਨਾਂ ਦੀ ਦੁਰਦਸ਼ਾ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਉਹਨਾਂ ਨੇ ਸਾਡੇ ਮਹਾਨ ਗੁਰੂ ਦੇ ਸਤਿਕਾਰ ਨੂੰ ਬਚਾਉਣ ਲਈ ਸਭ ਕੁਝ ਦਾਅ 'ਤੇ ਲਗਾ ਦਿੱਤਾ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਪੀੜਤਾਂ ਨੂੰ ਨੌਕਰੀਆਂ ਦਿੱਤੀਆਂ ਜਾਣ।