ਪੰਜਾਬੀਆਂ ਨੂੰ ਸ਼ਰਾਬੀ ਕਹਿ ਕੇ ਬਦਨਾਮ ਨਾ ਕੀਤਾ ਜਾਵੇ ਸਗੋਂ ਅਫ਼ੀਮ ਦੀ ਖੇਤੀ ਤੇ ਵਪਾਰ ਕਰਨ ਦੀ ਖੁੱਲ੍ਹ ਦਿੱਤੀ ਜਾਵੇ: MP ਸਿਮਰਨਜੀਤ ਸਿੰਘ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਅਜਿਹਾ ਕਰਨ ਨਾਲ ਸੂਬੇ ਦੀ ਮਾਲੀ ਹਾਲਤ ਸੁਧਰੇਗੀ, ਰੁਜ਼ਗਾਰ ਵਧੇਗਾ ਅਤੇ ਨਸ਼ੇ ਦੇ ਦੈਂਤ ਨਾਲ ਵੀ ਨਜਿੱਠਿਆ ਜਾ ਸਕੇਗਾ

MP Simranjit Singh Mann

ਲੋਕ ਸਭਾ ਵਿਚ ਬੋਲੇ MP ਸਿਮਰਨਜੀਤ ਸਿੰਘ ਮਾਨ 
ਕਿਹਾ- ਪੰਜਾਬ ਨੂੰ ਦਿੱਤੀ ਜਾਵੇ ਅਫ਼ੀਮ ਦੀ ਖੇਤੀ ਕਰਨ ਅਤੇ ਵਪਾਰ ਕਰਨ ਦੀ ਖੁੱਲ੍ਹ 
ਨਵੀਂ ਦਿੱਲੀ :  ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੰਸਦ ਵਿਚ ਪੰਜਾਬ ਦੇ ਕਈ ਮੁੱਦੇ ਚੁੱਕੇ ਜਿਨ੍ਹਾਂ ਵਿਚੋਂ ਉਨ੍ਹਾਂ ਨੇ ਖਾਸਕਰ ਗੱਲ ਕਰਦਿਆਂ ਪੰਜਾਬ ਵਿਚ ਅਫ਼ੀਮ ਦੀ ਖੇਤੀ ਕਰਨ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸ਼ਰਾਬੀ ਕਹਿ ਕੇ ਬਦਨਾਮ ਨਾ ਕੀਤਾ ਜਾਵੇ ਸਗੋਂ ਮੱਧ ਪ੍ਰਦੇਸ਼ ਵਾਂਗ ਪੰਜਾਬ ਨੂੰ ਅਫ਼ੀਮ ਦੀ ਖੇਤੀ ਕਰਨ ਅਤੇ ਵਪਾਰ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। 

 ਉਨ੍ਹਾਂ ਕਿਹਾ ਕਿ “ਅਕਸਰ ਹੀ ਭਾਰਤ ਦੇ ਹੁਕਮਰਾਨ ਪੰਜਾਬ ਦੇ ਸਰਹੱਦੀ ਸੂਬੇ ਵਿਚ ਵੱਸਣ ਵਾਲੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਣਾਉਟੀ ਬਦਨਾਮਨੁੰਮਾ ਨਾਮ ਦੇ ਕੇ ਸਮੁੱਚੇ ਮੁਲਕ ਵਿਚ ਅਤੇ ਕੌਮਾਂਤਰੀ ਪੱਧਰ 'ਤੇ ਲੰਮੇ ਸਮੇਂ ਤੋਂ ਬਦਨਾਮ ਕਰਨ ਅਤੇ ਫਿਰ ਉਨ੍ਹਾਂ ਉਤੇ ਜ਼ਬਰ ਜੁਲਮ ਢਾਹੁਣ ਦੇ ਅਮਲ ਕਰਦੀ ਆਈ ਹੈ। ਜੋ ਕਿ ਹੁਕਮਰਾਨਾਂ ਦੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਸਾਜ਼ਿਸ਼ਾਂ ਦੀ ਲੜੀ ਦੀ ਕੜੀ ਦਾ ਹਿੱਸਾ ਹੈ। ਜਦੋਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੇ ਮੁਲਕ ਦੀਆਂ ਸਰਹੱਦਾਂ ਉਤੇ ਅਤੇ ਹੋਰ ਖੇਤਰਾਂ ਵਿਚ ਵੱਡਾ ਯੋਗਦਾਨ ਪਾ ਕੇ ਇਸ ਮੁਲਕ ਦੀ ਰੱਖਿਆ ਵੀ ਕਰਦੀ ਆ ਰਹੀ ਹੈ ਅਤੇ ਹਰ ਜੋਖਮ ਭਰੇ ਮੌਤ ਨੂੰ ਮਖੌਲਾਂ ਕਰਨ ਵਾਲਿਆਂ ਕਾਰਵਾਈਆਂ ਕਰ ਕੇ ਭਾਰਤ ਅਤੇ ਪੰਜਾਬ ਸੂਬੇ ਦਾ ਨਾਮ ਕੌਮਾਂਤਰੀ ਪੱਧਰ 'ਤੇ ਰੁਸ਼ਨਾਉਂਦੀ ਆਈ ਹੈ।

 ਜੇਕਰ ਹੁਕਮਰਾਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਅਨੁਸਾਰ ਪੰਜਾਬੀ ਸ਼ਰਾਬੀ ਹਨ, ਫਿਰ ਚੀਨ ਦੀਆਂ ਸਰਹੱਦਾਂ ਉਤੇ ਪੰਜਾਬੀ ਅਤੇ ਸਿੱਖ ਕੌਮ ਬਹਾਦਰਨੁੰਮਾ ਹਰ ਵਾਰ ਫ਼ਤਹਿ ਕਿਵੇ ਪ੍ਰਾਪਤ ਕਰ ਲੈਦੇ ਹਨ ? ਪਰ ਹੁਕਮਰਾਨਾਂ ਵੱਲੋਂ ਉਸ ਬਹਾਦਰ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਜੋ ‘ਸ਼ਰਾਬੀ’ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਪੰਜਾਬ ਵਰਗੇ ਸਰਹੱਦੀ ਸੂਬੇ ਤੇ ਉਸਦੇ ਨਿਵਾਸੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਜਿਵੇ ਮੱਧ ਪ੍ਰਦੇਸ਼ ਵਿਚ ਉਥੋ ਦੇ ਨਿਵਾਸੀਆ ਨੂੰ ਅਫੀਮ ਦੀ ਖੇਤੀ ਕਰਨ ਦੀ ਕਾਨੂੰਨੀ ਖੁੱਲ੍ਹ ਹੈ, ਉਸੇ ਤਰ੍ਹਾਂ ਪੰਜਾਬੀਆਂ ਨੂੰ ਵੀ ਅਫ਼ੀਮ ਦੀ ਖੇਤੀ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ ਅਤੇ ਇਥੋ ਦੀਆਂ ਸਰਹੱਦਾਂ ਨੂੰ ਕੌਮਾਂਤਰੀ ਮੰਡੀ ਦੀ ਸੋਚ ਅਧੀਨ ਖੋਲ੍ਹਕੇ ਇਸ ਅਫ਼ੀਮ ਦੇ ਬਾਹਰੀ ਵਪਾਰ ਨੂੰ ਅਤੇ ਹੋਰਨਾਂ ਵਸਤਾਂ ਦੇ ਵਪਾਰ ਨੂੰ ਉਤਸਾਹਿਤ ਕੀਤਾ ਜਾਵੇ। ਅਜਿਹਾ ਕਰਨ ਨਾਲ ਜਿਥੇ ਸਾਡੇ ਬੱਚੇ, ਪਰਿਵਾਰ ਅਫ਼ੀਮ ਦੀ ਖੇਤੀ ਕਰਕੇ ਆਪਣੀ ਫ਼ਸਲ ਨੂੰ ਬਾਹਰਲੇ ਮੁਲਕਾਂ ਵਿਚ ਵੇਚ ਕੇ ਮਾਲੀ ਤੌਰ 'ਤੇ ਹੋਰ ਵਧੇਰੇ ਮਜ਼ਬੂਤ ਹੋਣਗੇ, ਉਥੇ ਬੇਰੁਜ਼ਗਾਰੀ ਦੇ ਮਸਲੇ ਨੂੰ ਕੁਝ ਹੱਲ ਕਰਨ ਲਈ ਵੱਡਾ ਸਹਿਯੋਗ ਮਿਲੇਗਾ।”

ਉਨ੍ਹਾਂ ਆਪਣੀ ਤਕਰੀਰ ਦੌਰਾਨ ਲੋਕ ਸਭਾ ਸਪੀਕਰ ਨੂੰ ਸੰਬੋਧਿਤ ਹੁੰਦੇ ਹੋਏ ਇਹ ਵੀ ਮੰਗ ਕੀਤੀ ਕਿ ਜਿਵੇਂ ਰਾਜਸਥਾਨ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਉਥੋਂ ਦੇ ਜ਼ਿੰਮੀਦਾਰਾਂ ਨੂੰ ਸਿਵਲ ਸਰਜਨ ਵੱਲੋਂ ਅਫ਼ੀਮ ਵੇਚਣ-ਖਰੀਦਣ ਦੇ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਦਾ ਪ੍ਰਬੰਧ ਪੰਜਾਬ ਦੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਜਾਵੇ ਤਾਂ ਜੋ ਅਜਿਹੀ ਹੋਣ ਵਾਲੀ ਅਫ਼ੀਮ ਦੀ ਖੇਤੀ ਦੇ ਅੰਦਰੂਨੀ ਵਪਾਰ ਤੇ ਬਾਹਰਲੇ ਮੁਲਕਾਂ ਦੇ ਵਪਾਰ ਨੂੰ ਪ੍ਰਫੁੱਲਿਤ ਕਰਕੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। 

ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ, ਕੋਲੰਬੀਆ ਦੇ ਮੁਲਕ ਵਿਚ ਇਸ ਅਫ਼ੀਮ ਦੀ ਖੇਤੀ ਵੱਡੀ ਗਿਣਤੀ ਵਿਚ ਹੁੰਦੀ ਹੈ ਅਤੇ ਉਹ ਮੁਲਕ ਆਪਣੇ ਇਸ ਅਫ਼ੀਮ ਦੇ ਵਪਾਰ ਨੂੰ ਕੌਮਾਂਤਰੀ ਪੱਧਰ 'ਤੇ ਵਧਾ ਕੇ ਆਪਣੇ ਮੁਲਕ ਲਈ ਅਸਲਾਂ ਅਤੇ ਹੋਰ ਲੋੜੀਦੀਆਂ ਵਸਤਾਂ ਖਰੀਦਦਾ ਹੈ । ਫਿਰ ਜਦੋਂ ਕੈਨੇਡਾ ਵਰਗੀ ਸਰਕਾਰ ਆਪਣੇ ਨਿਵਾਸੀਆ ਨੂੰ ਭੰਗ ਦੀ ਖੇਤੀ ਕਰਨ ਦੀ ਆਪਣੇ ਨਿਵਾਸੀਆਂ ਨੂੰ ਖੁੱਲ੍ਹ ਦਿੰਦੀ ਹੈ ਅਤੇ ਉਸ ਨੂੰ ਵੇਚਣ-ਖਰੀਦਣ ਦੀ ਇਜਾਜ਼ਤ ਦਿੰਦੀ ਹੈ ਤਾਂ ਇਸ ਤੋਂ ਸਪੱਸ਼ਟ ਹੈ ਕਿ ਸੰਸਾਰ ਪੱਧਰ 'ਤੇ ਨਸ਼ੀਲੀਆਂ ਵਸਤਾਂ ਦੇ ਉਤਪਾਦ ਪ੍ਰਤੀ ਹੁਣ ਸੋਚ ਵੱਡੇ ਪੱਧਰ 'ਤੇ ਤਬਦੀਲ ਹੋ ਰਹੀ ਹੈ। ਅਜਿਹੀ ਖੁੱਲ੍ਹ ਪੰਜਾਬ ਸੂਬੇ ਨੂੰ ਦੇਣ ਵਿਚ ਹੁਕਮਰਾਨਾਂ ਨੂੰ ਕਿਸ ਗੱਲ ਦੀ ਤਕਲੀਫ ਤੇ ਰੁਕਾਵਟ ਹੈ ? 
 
ਉਨ੍ਹਾਂ ਕਿਹਾ ਕਿ ਗੁਜਰਾਤ ਦੀ ਹੁਣੇ ਹੀ ਅਸੈਂਬਲੀ ਦੀ ਹੋਈ ਚੋਣ ਵਿਚ ਬੀਜੇਪੀ ਦੀ ਹੋਈ ਵੱਡੀ ਜਿੱਤ ਲਈ ਜਿਥੇ ਵਜ਼ੀਰ ਏ ਆਜ਼ਮ ਸ੍ਰੀ ਮੋਦੀ ਦੀ ਸਖਸ਼ੀਅਤ ਨੇ ਕੰਮ ਕੀਤਾ ਹੈ, ਉਥੇ ਪੰਜਾਬ ਵਿਚੋਂ ਲੱਖਾਂ ਗੈਲਨਾਂ ਦੇ ਰੂਪ ਵਿਚ ਭੇਜੀ ਗਈ ਸ਼ਰਾਬ ਨੇ ਵੀ ਇਸ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ। ਫਿਰ ਜਦੋਂ ਪਾਕਿਸਤਾਨ ਵਿਚ ਨਸ਼ੀਲੀਆਂ ਵਸਤਾਂ ਦੇ ਸੇਵਨ ਉਤੇ ਪਾਬੰਦੀ ਹੈ, ਫਿਰ ਪੰਜਾਬ ਦੇ ਸਮੱਗਲਰਾਂ ਵਲੋਂ ਜੋ ਉਥੇ ਵਪਾਰਕ ਸੋਚ ਅਧੀਨ ਸ਼ਰਾਬ ਭੇਜੀ ਜਾਂਦੀ ਹੈ, ਇਹ ਤਾਂ ਉਨ੍ਹਾਂ ਦਾ ਬਹਾਦਰੀ ਵਾਲਾ ਕੰਮ ਹੈ ਜੋ ਦੂਸਰੇ ਮੁਲਕ ਨੂੰ ਅਜਿਹੀ ਡਰੱਗਜ਼ ਸਪਲਾਈ ਕਰ ਕੇ ਆਪਣੇ ਅਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾ ਰਹੇ ਹਨ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਤਿਕਾਰਯੋਗ ਸਪੀਕਰ ਅਤੇ ਮੁਲਕ ਦੇ ਹੁਕਮਰਾਨ ਸਰਹੱਦੀ ਸੂਬੇ ਪੰਜਾਬ ਦੇ ਨਿਵਾਸੀਆਂ ਵਲੋਂ ਖੁੱਲ੍ਹੀ ਫਿਜ਼ਾ ਵਿਚ ਖੁੱਲ੍ਹਾ ਸਾਹ ਲੈਣ, ਹਰ ਦੀਨ ਦੁੱਖੀ, ਲੋੜਵੰਦ, ਮਜ਼ਲੂਮ ਅਤੇ ਬੇਸਹਾਰਿਆ ਦੀ ਬਾਂਹ ਫੜਨ ਵਾਲੀ ਸੋਚ ਦੇ ਹਾਮੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਅਫ਼ੀਮ ਦੀ ਖੇਤੀ ਕਰਨ ਦੀ ਜਿਥੇ ਖੁੱਲ੍ਹ ਪ੍ਰਦਾਨ ਕਰਨਗੇ, ਉਥੇ ਸਾਡੀਆਂ ਸਰਹੱਦਾਂ ਨੂੰ ਖੋਲ੍ਹ ਕੇ ਭਾਰਤ ਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਚੰਗੇਰਾ ਬਣਾਉਣ ਵਿਚ ਹੁਕਮਰਾਨ ਸੰਜੀਦਗੀ ਨਾਲ ਯੋਗਦਾਨ ਪਾਉਣਗੇ।