Punjab News: ਜਾਅਲੀ ਜਨਮ ਸਰਟੀਫਿਕੇਟ ਵੇਚਣ ਦੇ ਦੋਸ਼ ਵਿਚ ਵਿਜੀਲੈਂਸ ਬਿਊਰੋ ਵੱਲੋਂ ਭਗੌੜਾ ਪ੍ਰਾਈਵੇਟ ਏਜੰਟ ਗ੍ਰਿਫਤਾਰ
10,000 ਰੁਪਏ ਪ੍ਰਤੀ ਜਨਮ ਸਰਟੀਫਿਕੇਟ ਵਸੂਲਦਾ ਸੀ ਦੋਸ਼ੀ
Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਹਿਰੀ ਦੇ ਵਸਨੀਕ ਨਿਰੰਜਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਇੱਕ ਫੌਜਦਾਰੀ ਕੇਸ ਦੇ ਸਬੰਧ ਵਿੱਚ ਪਿਛਲੇ ਪੰਜ ਸਾਲਾਂ ਤੋਂ ਆਪਣੀ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਉਸ 'ਤੇ 10,000 ਰੁਪਏ ਪ੍ਰਤੀ ਜਨਮ ਸਰਟੀਫਿਕੇਟ ਵਸੂਲਣ ਦਾ ਦੋਸ਼ ਹੈ।
ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਉਕਤ ਮੁਲਜ਼ਮ ਵਿਰੁੱਧ 27-05-2017 ਨੂੰ ਆਈਪੀਸੀ ਦੀਆਂ ਧਾਰਾਵਾਂ 420, 467, 468, 120-ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਦੇ ਨਾਲ 13 (2) ਤਹਿਤ ਵਿਜੀਲੈਂਸ ਪੁਲਿਸ ਥਾਣਾ, ਅੰਮ੍ਰਿਤਸਰ ਰੇਂਜ ਵਿਖੇ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀ ਨੂੰ ਅਦਾਲਤ ਵੱਲੋਂ 06-06-2018 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਉਹ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਹੋਰ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਖੁਲਾਸਾ ਕੀਤਾ ਕਿ ਉਕਤ ਦੋਸ਼ੀ ਸਿਵਲ ਸਰਜਨ ਤਰਨਤਾਰਨ ਦਫਤਰ ਦੇ ਮੁਲਾਜ਼ਮਾਂ ਨਾਲ ਮਿਲੀਭੁਗਤ ਰਾਹੀਂ ਜਾਅਲੀ ਜਨਮ ਸਰਟੀਫਿਕੇਟ ਬਣਵਾ ਕੇ 10 ਹਜ਼ਾਰ ਰੁਪਏ ਵਿਚ ਪ੍ਰਤੀ ਸਰਟੀਫਿਕੇਟ ਵੇਚਦਾ ਸੀ। ਉਸ ਨੇ ਅਜਿਹੇ 20 ਤੋਂ ਵੱਧ ਜਾਅਲੀ ਸਰਟੀਫਿਕੇਟ ਜਾਰੀ ਕਰਕੇ ਮੋਟੀ ਰਕਮ ਇਕੱਠੀ ਕੀਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਅਦਾਲਤ ਨੇ ਉਕਤ ਮੁਲਜ਼ਮ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।