Amritsar News : ਅੰਮ੍ਰਿਤਸਰ ’ਚ ਨਗਰ ਨਿਗਮ ਚੋਣਾਂ ਦੌਰਾਨ ਹੋਇਆ ਜ਼ਬਰਦਸਤ ਹੰਗਾਮਾ, ਵਾਰਡ 85 'ਚ ਭਿੜੇ ਆਪ ਵਰਕਰ ਤੇ ਆਜ਼ਾਦ ਉਮੀਦਵਾਰ
Amritsar News : ਆਪ ਉਮੀਦਵਾਰ ਨਾਲ ਆਜ਼ਾਦ ਉਮੀਦਵਾਰ ਦੇ ਪਤੀ ਨੇ ਕੀਤੀ ਧੱਕਾ ਮੁੱਕੀ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁੱਝ ਵਿਅਕਤੀਆ ਨੂੰ ਕੀਤਾ ਗ੍ਰਿਫ਼ਤਾਰ
Amritsar News in Punjabi: ਅੱਜ ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 841 ਬੂਥ ਬਣਾਏ ਗਏ ਹਨ। ਨਗਰ ਨਿਗਮ ਦੀ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਸ਼ਾਮ 4 ਵਜੇ ਤੱਕ ਚੱਲੇਗੀ। ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਇਸ ਦੌਰਾਨ ਅੱਜ ਵਾਰਡ ਨੰਬਰ 85 ’ਚੋਂ ਹੰਗਾਮੇ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਵਾਰਡ ਨੰਬਰ 85 ਵਿਖੇ ਵੋਟਾਂ ਸਮੇਂ ਅੱਡਾ ਮਾਹਲ ਵਿਖੇ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਦੇ ਪਤੀ ਕਮਲ ਕੁਮਾਰ ਵੱਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਮੀਤ ਕੌਰ ਨਾਲ ਧੱਕਾ ਮੁੱਕੀ ਕੀਤੀ ਗਈ, ਜਿਸ ਕਰਕੇ ਕਾਫ਼ੀ ਰੌਲਾ ਰੱਪਾ ਪੈ ਗਿਆ।
ਆਪ ਅਤੇ ਕਾਂਗਰਸੀ ਵਰਕਰਾਂ ਅਤੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਦੇ ਖ਼ਿਲਾਫ਼ ਅੱਡੇ ’ਚ ਧਰਨਾ ਲਗਾ ਦਿੱਤਾ। ਇਸ ਜਗ੍ਹਾ ’ਤੇ ਪਹਿਲਾਂ ਹੀ ਗੜਬੜ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਜਿਸ ਕਰ ਕੇ ਭਾਵੇਂ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਪਰ ਹੁਣ ਗੜਬੜ ਹੋਣ ਤੋਂ ਬਾਅਦ ਅੰਮ੍ਰਿਤਸਰ ਅਤੇ ਸ਼ਹਿਰੀ ਅਤੇ ਦਿਹਾਤੀ ਪੁਲਿਸ ਦੇ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।
ਇਸ ਮੌਕੇ ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਸੰਧੂ, ਪੁਲਿਸ ਥਾਣਾ ਕੰਬੋ ਦੇ ਐਸ. ਐਚ.ਓ. ਹਰਪਾਲ ਸਿੰਘ ਸੋਹੀ ਵੀ ਇੱਥੇ ਮੌਜੂਦ ਸਨ। ਸ਼ਿਵਦਰਸ਼ਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਇੱਥੇ ਕਿਸੇ ਕਿਸਮ ਦੀ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜਿਸਨੇ ਵੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਉਸ ਵਿਰੁਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
(For more news apart from municipal elections in Amritsar clash latest News in Punjabi, stay tuned to Rozana Spokesman)