ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ: ਭਾਜਪਾ ਆਗੂ ਅਮਨਜੋਤ ਕੌਰ ਰਾਮੂਵਾਲੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

Attempt to stop Nagar Kirtan in New Zealand is a direct attack on religious freedom: BJP leader Amanjot Kaur Ramuwalia

ਮੋਹਾਲੀ: ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈ ਸ਼ੰਕਰ ਨੂੰ ਪੱਤਰ ਲਿਖ ਕੇ ਨਿਊਜ਼ੀਲੈਂਡ ਸਰਕਾਰ ਕੋਲ ਕੂਟਨੀਤਕ ਪੱਧਰ ’ਤੇ ਮਾਮਲਾ ਉਠਾ ਕੇ ਉੱਥੇ ਭਵਿੱਖ ਵਿੱਚ ਨਗਰ ਕੀਰਤਨ ਵਰਗੇ ਧਾਰਮਿਕ ਸਮਾਗਮਾਂ ਦੀ ਨਿਰਵਿਘਨਤਾ, ਸਿੱਖ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਦੀ ਪੂਰੀ ਸੁਰੱਖਿਆ ਅਤੇ ਹਿੰਦੂ-ਸਿੱਖ ਸਮੇਤ ਸਮੂਹ ਭਾਰਤੀ ਭਾਈਚਾਰੇ ਲਈ ਸੁਰੱਖਿਅਤ ਤੇ ਸਹਿਯੋਗੀ ਮਾਹੌਲ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ‘ਹਾਕਾ’ ਕਰਕੇ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੱਟੜਪੰਥੀ ਅਤੇ ਨਫ਼ਰਤੀ ਤੱਤਾਂ ਦੀਆਂ ਸਰਗਰਮੀਆਂ ’ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ।

ਬੀਬਾ ਅਮਨਜੋਤ ਨੇ ਕਿਹਾ ਕਿ ਨਿਊਜ਼ੀਲੈਂਡ, ਜੋ ਦੁਨੀਆ ਦੇ ਸਭ ਤੋਂ ਅਮਨ-ਪਸੰਦ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਵਿੱਚ ਸਿੱਖ ਭਾਈਚਾਰੇ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਸੰਦਰਭ ’ਚ ਪੂਰੀ ਸ਼ਾਂਤੀ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਨੂੰ ਉੱਥੋਂ ਦੇ ਇੱਕ ਚਰਚਿਤ ਅਤੇ ਵਿਵਾਦਿਤ ਕੱਟੜਪੰਥੀ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ “ਡੈਸਟਨੀ ਗਰੁੱਪ” ਵੱਲੋਂ ਰੋਕਣ ਅਤੇ ਖ਼ਲਲ ਪਾਉਣ ਦੀ ਕੀਤੀ ਗਈ ਕੋਸ਼ਿਸ਼ ਨੇ ਸਿੱਖ ਭਾਈਚਾਰੇ ਨੂੰ ਗਹਿਰੀ ਚਿੰਤਾ ਅਤੇ ਰੋਸ ਵਿੱਚ ਧੱਕ ਦਿੱਤਾ ਹੈ। ਖ਼ਾਸ ਤੌਰ ’ਤੇ ਇਸ ਸੰਵੇਦਨਸ਼ੀਲ ਮਾਹੌਲ ਵਿੱਚ ਵੀ ਸਿੱਖ ਭਾਈਚਾਰੇ ਨੇ ਅਤੁੱਲ ਸੰਜਮ, ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਪ੍ਰਦਰਸ਼ਨ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਪਰਹੇਜ਼ ਕੀਤਾ। ਇਹ ਵਰਤਾਓ ਸਿੱਖ ਧਰਮ ਦੀ ਮੂਲ ਸਿੱਖਿਆ “ਸਰਬੱਤ ਦਾ ਭਲਾ”, ਭਰਾਤਰੀ ਭਾਵ ਅਤੇ ਮਨੁੱਖਤਾ ਦੀ ਸੇਵਾ ਦੀ ਜਿਊਂਦੀ ਜਾਗਦੀ ਮਿਸਾਲ ਹੈ।

ਅਮਨਜੋਤ ਨੇ ਕਿਹਾ ਕਿ ਨਫ਼ਰਤ ਭਰੀ ਨਾਅਰੇਬਾਜ਼ੀ ਅਤੇ ਉਕਸਾਉਂਦੇ ਬੈਨਰਾਂ ਰਾਹੀਂ ਧਾਰਮਿਕ ਸਮਾਗਮ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ। ਇਹ ਘਟਨਾ ਸਿਰਫ਼ ਧਾਰਮਿਕ ਆਜ਼ਾਦੀ ’ਤੇ ਹੀ ਨਹੀਂ, ਸਗੋਂ ਬਹੁ-ਸਭਿਆਚਾਰਕ ਸਮਾਜਿਕ ਸਾਂਝ ਅਤੇ ਅੰਤਰਰਾਸ਼ਟਰੀ ਧਾਰਮਿਕ ਸਹਿਣਸ਼ੀਲਤਾ ਦੇ ਮੂਲ ਅਸੂਲਾਂ ’ਤੇ ਵੀ ਗੰਭੀਰ ਸਵਾਲ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤੱਤ ਪ੍ਰਵਾਸੀ ਭਾਈਚਾਰਿਆਂ ਪ੍ਰਤੀ ਨਫ਼ਰਤ ਦਾ ਜ਼ਹਿਰ ਘੋਲਨ ਦੀ ਕੋਸ਼ਿਸ਼ ਕਰ ਰਹੇ ਹਨ।