ਬਿਜਲੀ ਦਾ ਕਰੰਟ ਲੱਗਣ ਨਾਲ ਵਾਈ-ਫਾਈ ਟੈਕਨੀਸ਼ੀਅਨ ਦੀ ਮੌਤ
ਵਾਈ-ਫਾਈ ਦੀ ਸ਼ਿਕਾਇਤ ਠੀਕ ਕਰਨ ਦੌਰਾਨ ਲੋਹੇ ਦੀ ਪੌੜੀ ਫਸੀ ਬਿਜਲੀ ਦੀਆਂ ਤਾਰਾਂ ’ਚ
ਗੁਰਦਾਸਪੁਰ: ਫਤਿਹਗੜ ਚੂੜੀਆਂ ’ਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਗਈ, ਜੱਦੋਂ ਨੈਟ ਪਲਸ ਕੰਪਨੀ ਦੇ ਡੀਲਰ ਹੈਪੀ ਜੋਨ ਹੰਸ ਦੀ ਇੱਕ ਕੰਪਲੇਂਟ ਠੀਕ ਕਰਦਿਆਂ, ਉਸ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਡਾ. ਯੂਸਫ ਹੰਸ ਅਤੇ ਮੌਕੇ ’ਤੇ ਮੌਜੂਦ ਮੁਲਾਜਮ ਹੈਰੀ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਰੋਡ ਫਤਿਹਗੜ੍ਹ ਚੂੜੀਆਂ ਵਿਖੇ ਵਾਈ ਫਾਈ ਦੀ ਕੰਪਲੇਂਟ ਠੀਕ ਕਰਨ ਗਿਆ ਸੀ। ਇਸ ਦੌਰਾਨ ਲੋਹੇ ਦੀ ਪੌੜੀ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ, ਜਿਸ ਨਾਲ ਉਹ ਹੇਠਾਂ ਡਿਗ ਪਿਆ। ਉਸ ਨੂੰ ਨਜ਼ਦੀਕ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਜੋਨ ਹੰਸ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ 2 ਬੇਟੀਆਂ ਅਤੇ ਪਿਤਾ ਛੱਡ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਹੰਸ ਦੀ ਖਬਰ ਸੁਣਦਿਆਂ ਹਸਪਤਾਲ ਜਾ ਰਿਹਾ ਰਿਸ਼ਤੇਦਾਰ ਵੀ ਹਾਦਸੇ ’ਚ ਹੋਇਆ ਜ਼ਖਮੀ
ਗੌਰਤਲਬ ਹੈ ਕਿ ਮ੍ਰਿਤਕ ਜੌਨ ਹੈਪੀ ਹੰਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਨਾਂ ਦੇ ਸਕੇ ਸਬੰਧੀ ਪ੍ਰੇਮ ਮਸੀਹ ਡੀ ਜੇ ਵਾਲਾ ਅਤੇ ਉਸ ਦਾ ਬੇਟਾ ਸੋਨੂੰ ਮਸੀਹ ਵਾਸੀ ਫਤਿਹਗੜ ਚੂੜੀਆਂ ਅਜਨਾਲਾ ਰੋਡ ਹਸਪਤਾਲ ਜਾ ਰਹੇ ਸੀ ਤਾਂ ਅਚਾਨਕ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਪ੍ਰੇਮ ਮਸੀਹ ਜ਼ਖਮੀ ਹੋ ਗਿਆ। ਉਸ ਨੂੰ ਵੀ ਉਸੇ ਹੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ।