ਗੁਰਦਾਸਪੁਰ ਤੋਂ ਜਾਖੜ ਤੇ ਬਾਜਵਾ ਵੱਡੇ ਦਾਅਵੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਦੇ ਸਨਮੁਖ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਲਈ ਕਾਂਗਰਸ ਦੇ ਦੋ ਆਗੂਆਂ ਸੁਨੀਲ ਕੁਮਾਰ ਜਾਖੜ ਅਤੇ ਪ੍ਰਤਾਪ ਸਿੰਘ ਬਾਵਜਾ........

Sunil Kumar Jakhar

ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਸਨਮੁਖ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਲਈ ਕਾਂਗਰਸ ਦੇ ਦੋ ਆਗੂਆਂ ਸੁਨੀਲ ਕੁਮਾਰ ਜਾਖੜ ਅਤੇ ਪ੍ਰਤਾਪ ਸਿੰਘ ਬਾਵਜਾ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਜਾਖੜ ਇਸ ਵੇਲੇ ਲੋਕ ਸਭਾ ਮੈਂਬਰ ਤੇ ਬਾਜਵਾ ਰਾਜ ਸਭਾ ਮੈਂਬਰ ਹਨ। ਜਾਖੜ ਨੇ ਬਤੌਰ ਲੋਕ ਸਭਾ ਮੈਂਬਰ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਹੀ ਨਹੀਂ ਰਖਿਆ ਪਰ ਹੁਣ ਉਹ ਹਫ਼ਤੇ ਵਿਚ ਔਸਤਨ ਦੋ ਦਿਨ ਗੁਰਦਾਸਪੁਰ ਵਿਚ ਵਿਚਰ ਰਹੇ ਹਨ। ਜਾਖੜ ਦਾ ਇਥੇ ਕੋਈ ਘਰ ਨਹੀਂ, ਇਸ ਲਈ ਆਮ ਲੋਕਾਂ ਦਾ ਕਹਿਣਾ ਹੈ ਕਿ ਲੋਕ ਸਭਾ ਮੈਂਬਰ ਹਲਕੇ ਨਾਲ ਸਬੰਧਤ ਹੋਣਾ ਚਾਹੀਦਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਜਾਖੜ ਮਿਹਨਤੀ ਤੇ ਈਮਾਨਦਾਰ ਆਗੂ ਹਨ ਪਰ ਉਹ ਬਾਹਰਲੇ ਆਗੂ ਹਨ। ਜ਼ਿਲ੍ਹੇ ਦੇ ਕਸਬਾ ਕਾਦੀਆਂ ਦੇ ਵਸਨੀਕ ਪ੍ਰਤਾਪ ਸਿੰਘ ਬਾਜਵਾ ਵੀ ਤਗੜੇ ਦਾਅਵੇਦਾਰ  ਹਨ। ਬਾਜਵਾ 2009 ਵਿਚ ਇਥੋਂ ਲੋਕ ਸਭਾ ਵਿਚ ਪੁੱਜੇ ਸਨ। ਅਪਣੇ ਕਾਰਜਕਾਲ ਦੌਰਾਨ ਬਾਜਵਾ ਨੇ ਅਜਿਹਾ ਕੋਈ ਵੱਡਾ ਕੰਮ ਨਹੀਂ ਕੀਤਾ ਜਿਸ ਕਾਰਨ ਲੋਕ ਉਨ੍ਹਾਂ ਨੂੰ ਉਸ ਕੰਮ ਲਈ ਯਾਦ ਰੱਖ ਸਕਦੇ। ਹਲਕੇ ਦੇ ਵਿਧਾਇਕਾਂ ਵਿਚੋਂ ਸਿਰਫ਼ ਇਕ ਦੋ ਕਾਂਗਰਸੀ ਵਿਧਾਇਕ ਹੀ ਬਾਜਵਾ ਦੇ ਹਮਾਇਤੀ ਮੰਨੇ ਜਾਂਦੇ ਹਨ।

ਦੂਜੇ ਪਾਸੇ, ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸਵਰਨ ਸਲਾਰੀਆ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਹਨ। ਵਿਨੋਦ ਖੰਨਾ ਨੂੰ ਭਾਜਪਾ ਨੇ 1997 ਵਿਚ ਚੋਣ ਮੈਦਾਨ ਵਿਚ ਉਤਾਰਿਆ ਸੀ ਜਿਨ੍ਹਾਂ ਸੁਖਬੰਸ ਕੌਰ ਭਿੰਡਰ ਨੂੰ ਹਰਾਇਆ ਸੀ। ਵਿਨੋਦ ਖੰਨਾ ਹਲਕੇ ਅੰਦਰ ਦਰਿਆ ਬਿਆਸ ਅਤੇ ਦਰਿਆ ਰਾਵੀ ਉਪਰ ਵੱਡੇ ਪੁਲਾਂ ਦੀ ਉਸਾਰੀ ਕਰਵਾਉਣ ਵਿਚ ਸਫ਼ਲ ਰਹੇ। ਅੱਜ ਵੀ ਲੋਕ ਖੰਨਾ ਨੂੰ ਯਾਦ ਕਰਦੇ ਹਨ। ਸਵਰਨ ਸਲਾਰੀਆ ਲੋਕ ਸਭਾ ਦੀ ਜ਼ਿਮਨੀ ਚੋਣ ਜਾਖੜ ਕੋਲੋਂ ਇਕ ਲੱਖ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਾਰੇ ਹਨ। ਹਲਕੇ ਦੇ ਬਹੁਤੇ ਭਾਜਪਾ ਆਗੂ ਸਲਾਰੀਆ ਦਾ ਖ਼ੇਮਾ ਛੱਡ ਕੇ ਖੰਨਾ ਨਾਲ ਜੁੜ ਰਹੇ ਹਨ।