ਫੋਕੀ ਰਾਜਨੀਤੀ ਚਮਕਾਉਣ ‘ਚ ਲੱਗਿਆ ਖਹਿਰਾ- ਜਗੀਰ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪਾਲ ਖਹਿਰਾ ‘ਤੇ ਬੀਬੀ ਜਗੀਰ ਕੌਰ ਦਾ ਵੱਡਾ ਹਮਲਾ ਕਿਹਾ, ਫੋਕੀ ਰਾਜਨੀਤੀ ਚਮਕਾਉਣ ‘ਚ ਲੱਗਿਆ ਖਹਿਰਾ, ਕੈਪਟਨ ਸਰਕਾਰ ਨੂੰ ਵੀ ਲਿਆ ਨਿਸ਼ਾਨੇ ‘ਤੇ

File Photo

ਬੇਗੋਵਾਲ(ਅੰਮ੍ਰਿਤਪਾਲ ਬਾਜਵਾ)- ਹਲਕਾ ਭੁਲੱਥ ਨੂੰ ਲੈ ਕੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਬੀਬੀ ਜਗੀਰ ਕੌਰ ਦੀ ਸਿਆਸੀ ਜੰਗ ਸਿਖਰਾਂ ‘ਤੇ ਹੈ, ਦੋਵਾਂ ਵੱਲੋਂ ਇਕ ਦੂਜੇ 'ਤੇ ਇਲਜ਼ਾਮ ਮੜੇ ਜਾ ਰਹੇ ਹਨ ਜਿਥੇ ਕਾਫੀ ਸਮੇਂ ਤੋਂ ਖਾਮੋਸ਼ ਰਹੇ ਖਹਿਰਾ ਨੇ ਆਉਣ ਸਾਰ ਜਗੀਰ ਕੌਰ ਤੇ ਤਿੱਖਾਂ ਹਮਲਾ ਬੋਲਿਆ ਉੱਥੇ ਹੀ ਬੀਬੀ ਜਗੀਰ ਕੌਰ ਨੇ ਵੀ ਚੁੱਪ ਤੋੜਦੇ ਹੋਏ ਖਹਿਰਾ ਨੂੰ ਕਰੜੇ ਹੱਥੀਂ ਲਿਆ।

ਜਗੀਰ ਕੌਰ ਦਾ ਕਹਿਣਾ ਹੈ ਕਿ ਸੁਖਪਾਲ ਖਹਿਰੇ ਬਸ ਫੋਕੀ ਰਾਜਨੀਤੀ ਚਮਕਾਉਣ ਵਿਚ ਲੱਗਿਆ ਹੋਇਆ ਹੈ। ਸਿਰਫ ਇੰਨਾਂ ਹੀ ਨਹੀਂ ਜਗੀਰ ਕੌਰ ਨੇ ਤਾਂ ਵਿਦੇਸ਼ਾਂ ਤੋਂ ਪੈਸਾਂ ਇਕੱਠਾਂ ਕਰਨ ਤੱਕ ਦੇ ਖਹਿਰਾ “ਤੇ ਇਲਜ਼ਾਮ ਲਗਾ ਦਿੱਤੇ। ਦੱਸ ਦਈਏ ਕਿ ਬੀਬੀ ਜਗੀਰ ਕੌਰ ਦਾ ਦਾਅਵਾ ਹੈ ਕਿ ਉਸ ਦੇ ਐਮਐਲਏ ਹੁੰਦੇ ਹੋਏ ਹਲਕੇ ਦਾ ਵਿਕਾਸ ਹੋਇਆ ਪਰ ਹੁਣ ਲੋਕ ਹਲਕੇ ਦੇ ਵਿਕਾਸ ਲਈ ਤਰਸ ਰਹੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਪਣੀ ਵਿਰੋਧੀ ਬੀਬੀ ਜਗੀਰ ਕੌਰ ਦੇ ਬਿਆਨ ਦਾ ਜਵਾਬ ਦਿੰਦਿਆਂ ਆਖਿਆ ਕਿ 'ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ' ਵਾਲੀ ਕਹਾਵਤ ਬੀਬੀ ਜਗੀਰ ਕੌਰ 'ਤੇ ਪੂਰੀ ਢੁਕਦੀ ਹੈ।

ਬੀਬੀ ਜਗੀਰ ਕੌਰ ਦੇ ਪਿੰਡ ਬੇਗੋਵਾਲ ਵਿਚ ਪੁੱਜੇ ਖਹਿਰਾ ਨੇ ਕਿਹਾ ਕਿ ਅਪਣੇ ਹੱਥਠੋਕਿਆਂ ਕੋਲੋਂ ਮੇਰੇ ਵਿਰੁੱਧ ਗ਼ਲਤ ਪ੍ਰਚਾਰ ਕਰਵਾਉਣ ਵਾਲੀ ਬੀਬੀ ਦੇ ਪਿੰਡ ਦਾ ਬੁਰਾ ਹਾਲ ਮੇਰੇ ਕਰਕੇ ਨਹੀਂ ਬਲਕਿ ਅਕਾਲੀ ਸਰਕਾਰ ਕਰਕੇ ਹੈ ਕਿਉਂਕਿ ਅਕਾਲੀ ਸਰਕਾਰ ਨੇ ਇੱਥੇ ਪਾਏ ਗਏ ਸੀਵਰੇਜ਼ ਵਿਚ ਘਟੀਆ ਸਮਾਨ ਦੀ ਵਰਤੋਂ ਕੀਤੀ ਅਤੇ ਰੱਜ ਕੇ ਪੈਸਾ ਖਾਧਾ।

ਇਸ ਤੋਂ ਇਲਾਵਾ ਇਕ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਨੇਤਾ ਬੀਬੀ ਜਾਗੀਰ ਕੌਰ ਤੇ ਆਰੋਪ ਲਗਾਇਆ ਕਿ ਭੁਲੱਥ ਇਲਾਕੇ ਵਿਚ ਸੰਤ ਬਾਬਾ ਪ੍ਰੇਮ ਸਿੰਘ ਮੁਰਲੀ ਵਾਲੇ ਦਾ ਡੇਰਾ ਹੈ।

ਜਿੱਥੇ ਸੰਤ ਪ੍ਰੇਮ ਸਿੰਘ ਜੀ ਦੀ ਸਮਾਧੀ ਹੈ ਅਤੇ ਇਸ ਸਬੰਧ ਵਿਚ ਬੀਬੀ ਜਾਗੀਰ ਕੌਰ ਨੇ ਗਲਤ ਫੈਕਟਰ ਦੇ ਨਾਲ ਤਿੰਨ ਕਨਾਲ ਪੰਦਰਾਂ ਮਰਲੇ ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਹੈ ਹਾਈਕੋਰਟ ਤੋਂ ਇਸ ਕੇਸ ਵਿਚ ਡਿਗਰੀ ਲੈ ਲਈ ਹੈ। ਖਹਿਰਾ ਨੇ ਬੀਬੀ ਜਾਗੀਰ ਕੌਰ ਤੇ ਅਰੋਪ ਲਾਇਆ ਕਿ ਉਹ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਚੜ੍ਹ ਰਹੇ ਚੜ੍ਹਾਵੇ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ।

ਇਸ ਤੋਂ ਇਲਾਵਾ ਖਹਿਰਾ ਨੇ ਅਪਣੇ ਹਲਕੇ ਦੀਆਂ 6 ਪ੍ਰਮੁੱਖ ਸੜਕਾਂ ਦਾ ਤੁਰੰਤ ਕੰਮ ਕਰਵਾਉਣ ਦੀ ਗੱਲ ਵੀ ਆਖੀ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹਲਕਾ ਭੁਲੱਥ ਵਿਚ ਜਿੱਥੇ ਕੁੱਝ ਲੋਕਾਂ ਵੱਲੋਂ ਖਹਿਰਾ ਦੇ ਲਾਪਤਾ ਹੋਣ ਦੇ ਪੋਸਟਰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਉਥੇ ਹੀ ਬੀਬੀ ਜਗੀਰ ਕੌਰ ਨੇ ਅਪਣੇ ਇਕ ਬਿਆਨ ਵਿਚ ਸੁਖਪਾਲ ਖਹਿਰਾ 'ਤੇ ਹਲਕੇ ਦੇ ਲੋਕਾਂ ਦਾ ਕੋਈ ਕੰਮ ਨਾ ਕਰਨ ਦੇ ਦੋਸ਼ ਵੀ ਲਗਾਏ ਸਨ।