ਟਰੰਪ ਦੀਆਂ ਅਹਿਮ ਨੀਤੀਆਂ ਵਿਰੁਧ ਬਾਈਡਨ ਨੇ 15 ਕਾਰਜਕਾਰੀ ਆਦੇਸ਼ਾਂ ’ਤੇ ਕੀਤੇ ਦਸਤਖ਼ਤ

ਏਜੰਸੀ

ਖ਼ਬਰਾਂ, ਪੰਜਾਬ

ਟਰੰਪ ਦੀਆਂ ਅਹਿਮ ਨੀਤੀਆਂ ਵਿਰੁਧ ਬਾਈਡਨ ਨੇ 15 ਕਾਰਜਕਾਰੀ ਆਦੇਸ਼ਾਂ ’ਤੇ ਕੀਤੇ ਦਸਤਖ਼ਤ

image

ਵਾਸ਼ਿੰਗਟਨ, 21 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਅਹੁਦਾ ਸੰਭਾਲਦੇ ਹੀ 15 ਕਾਰਜਕਾਰੀ ਆਦੇਸ਼ਾਂ ’ਤੇ ਦਸਤਖ਼ਤ ਕੀਤੇ, ਜਿਹਨਾਂ ਵਿਚੋਂ ਕੁੱਝ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਅਹਿਮ ਵਿਦੇਸ਼ ਨੀਤੀਆਂ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਕੁੱਝ ਫ਼ੈਸਲਿਆਂ ਨੂੰ ਪਲਟਣ ਵਾਲੇ ਹਨ। 
ਇਨ੍ਹਾਂ ਕਾਰਜਕਾਰੀ ਆਦੇਸ਼ਾਂ ਵਿਚ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਵਿਚ ਮੁੜ ਸ਼ਾਮਲ ਹੋਣਾ, ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਤੋਂ ਅਮਰੀਕਾ ਨੂੰ ਵੱਖ ਹੋਣ ਤੋਂ ਰੋਕਣਾ, ਮੁਸਲਿਮ ਦੇਸ਼ਾਂ ਤੋਂ ਲੋਕਾਂ ਦੀ ਯਾਤਰਾ ਪਾਬੰਦੀ ਨੂੰ ਹਟਾਉਣਾ ਅਤੇ ਮੈਕਸੀਕੋ ਸਰਰੱਦ ’ਤੇ ਕੰਧ ਨਿਰਮਾਣ ਨੂੰ ਤੁਰੰਤ ਰੋਕਣਾ ਆਦਿ ਸ਼ਾਮਲ ਹੈ। 
ਬਾਈਡਨ ਦਾ ਪਹਿਲਾ ਕਾਰਜਕਾਰੀ ਆਦੇਸ਼ 100 ਦਿਨ ਮਾਸਕ ਪਾਉਣ ਵਾਲਾ ਸੀ, ਜਿਸ ’ਚ ਦੇਸ਼ ਦੀ ਜਨਤਾ ਤੋਂ 100 ਦਿਨਾਂ ਤਕ ਮਾਸਕ ਪਾਉਣ ਦੀ ਅਪੀਲ ਕੀਤੀ ਗਈ ਹੈ। ਬਾਈਡਨ ਨੇ ਬੁਧਵਾਰ ਨੂੰ ਕਾਰਜਕਾਰੀ ਆਦੇਸ਼ਾਂ ’ਤੇ ਦਸਤਖ਼ਤ ਦੇ ਬਾਅਦ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਪੱਤਰਕਾਰਾਂ ਨੂੰ ਕਿਹਾ,‘‘ਮੈਂ ਅੱਜ ਦੇ ਕਾਰਜਕਾਰੀ ਕਦਮਾਂ ਨਾਲ ਮਾਣ ਮਹਿਸੂਸ ਕਰਦਾ ਹਾਂ ਅਤੇ ਮੈਂ ਅਮਰੀਕਾ ਦੀ ਜਨਤਾ ਨਾਲ ਜਿਹੜਾ ਵਾਅਦਾ ਕੀਤਾ ਸੀ, ਉਹਨਾਂ ਨੂੰ ਪੂਰਾ ਕਰਨ ਜਾ ਰਿਹਾ ਹਾਂ, ਹਾਲੇ ਲੰਮੀ ਯਾਤਰਾ ਕਰਨੀ ਬਾਕੀ ਹੈ। ਇਹ ਸਿਰਫ਼ ਕਾਰਜਕਾਰੀ ਆਦੇਸ਼ ਹਨ। ਇਹ ਜ਼ਰੂਰੀ ਹਨ ਪਰ ਜੋ ਅਸੀਂ ਕਰਨ ਵਾਲੇ ਹਾਂ ਉਸ ਲਈ ਸਾਨੂੰ ਬਿਲਾਂ ਦੀ ਲੋੜ ਪਵੇਗੀ।’’ ਰਾਸ਼ਟਰਪਤੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਹੋਰ ਕਾਰਜਕਾਰੀ ਆਦੇਸ਼ਾਂ ’ਤੇ ਦਸਤਖ਼ਤ ਕਰਨ ਵਾਲੇ ਹਨ। ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਬੁਧਵਾਰ ਨੂੰ ਅਪਣੀ ਪਹਿਲੀ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਬਾਈਡੇਨ ਨੇ 15 ਕਾਰਜਕਾਰੀ ਆਦੇਸ਼ਾਂ ’ਤੇ ਦਸਤਖ਼ਤ ਕੀਤੇ ਹਨ।  ਉਨ੍ਹਾਂ ਕਿਹਾ ਕਿ ਅਮਰੀਕਾ ਹੁਣ ਪੈਰਿਸ ਸਮਝੌਤੇ ’ਚ ਵੀ ਦੁਬਾਰਾ ਸ਼ਾਮਲ ਹੋਵੇਗਾ। 
ਟਰੰਪ ਨੇ 2019 ’ਚ ਇਸ ਸਮਝੌਤੇ ਨਾਲ ਬਾਹਰ ਜਾਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ, ਚੀਨ ਅਤੇ ਰੂਸ ਤੇਜੀ ਨਾਲ ਪ੍ਰਦੂਸ਼ਣ ਨੂੰ ਵਧਾ ਰਿਹਾ ਹਨ। ਸੱਤ ਮੁਸਲਿਮ ਦੇਸ਼ਾਂ-ਈਰਾਕ, ਈਰਾਨ, ਲੀਬੀਆ, ਸੋਮਾਲਿਆ, ਸੁਡਾਨ, ਸੀਰੀਆ ਅਤੇ ਯਮਨ ’ਤੇ ਲੱਗੀ ਯਾਤਰਾ ਪਾਬੰਦੀ ਨੂੰ ਹਟਾ ਦਿਤਾ ਗਿਆ ਹੈ। ਟਰੰਪ ਨੇ 2017 ’ਚ ਇਹ ਪਾਬੰਦੀ ਅਪਣੇ ਦਫ਼ਤਰ ਦੇ ਪਹਿਲੇ ਹਫ਼ਤੇ ਲਾਇਆ ਸੀ।