ਬੀਜਿੰਗ, 21 ਜਨਵਰੀ : ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਰੁਨਾਚਲ ਪ੍ਰਦੇਸ਼ ’ਚ ਇਕ ਨਵਾਂ ਪਿੰਡ ਵਸਾਉਣ ਨੂੰ ਆਮ ਗੱਲ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਚੀਨ ਵਿਕਾਸ ਤੇ ਨਿਰਮਾਣ ਦੀਆਂ ਸਰਗਰਮੀਆਂ ਨੂੰ ਅਪਣੇ ਹੀ ਖੇਤਰ ’ਚ ਅੰਜਾਮ ਦੇ ਰਿਹਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੂਇੰਗ ਨੇ ਵੀਰਵਾਰ ਨੂੰ ਮੀਡੀਆ ਨੂੰ ਕਿਹਾ ਕਿ ਚੀਨ ਦੀ ਸਥਿਤੀ ਜੰਗਨਾਨ ਖੇਤਰ (ਦਖਣੀ ਤਿੱਬਤ) ਸਪੱਸ਼ਟ ਤੇ ਸਥਿਰ ਹੈ। ਅਸੀਂ ਕਦੇ ਵੀ ਕਥਿਤ ‘ਅਰੁਨਾਚਲ ਪ੍ਰਦੇਸ਼’ ਨੂੰ ਮਾਨਤਾ ਨਹੀਂ ਦਿਤੀ ਹੈ। ਚੀਨ ਦਾ ਦਾਅਵਾ ਹੈ ਕਿ ਅਰੁਨਾਚਲ ਪ੍ਰਦੇਸ਼ ਦਖਣੀ ਤਿੱਬਤ ਦਾ ਹਿੱਸਾ ਹੈ।
ਹੁਵਾ ਨੇ ਦਾਅਵਾ ਕੀਤਾ ਕਿ ਚੀਨ ਦੇ ਅਪਣੇ ਖੇਤਰ ’ਚ ਉਸ ਦਾ ਵਿਕਾਸ ਤੇ ਨਿਰਮਾਣ ਦੀਆਂ ਸਰਗਰਮੀਆਂ ਆਮ ਘਟਨਾ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੇ ਸਰਹੱਦੀ ਖੇਤਰਾਂ ’ਚ ਚੀਨ ਦੇ ਨਾਜਾਇਜ਼ ਨਿਰਮਾਣਾਂ ’ਤੇ ਭਾਰਤ ਸਰਕਾਰ ਦੀ ਪੂਰੀ ਨਜ਼ਰ ਹੈ ਤੇ ਉਹ ਦੇਸ਼ ਦੀ ਪ੍ਰਭੂਸੱਤਾ ’ਤੇ ਖ਼ਤਰਾ ਬਣਨ ਵਾਲੇ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ।
ਚੀਨੀ ਨਿਰਮਾਣ ਦੀ ਰੀਪੋਰਟ ’ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਪਣੇ ਪ੍ਰਤੀਕਰਮ ’ਚ ਬੀਤੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਸਾਰੀਆਂ ਘਟਨਾਵਾਂ ’ਤੇ ਅਪਣੀ ਨਜ਼ਰ ਬਣਾਈ ਹੋਈ ਹੈ। ਵਿਦੇਸ਼ ਮੰਤਰਾਲੇ ਨੇ ਦਸਿਆ ਸੀ ਕਿ ਸਰਹੱਦ ’ਤੇ ਨਿਰਮਾਣ ਕਾਰਜ ਰੋਕਿਆ ਜਾ ਚੁੱਕਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਸਰਹੱਦ ’ਤੇ ਸੜਕਾਂ ਤੇ ਪੁਲਾਂ ਸਮੇਤ ਮੁਢਲੇ ਢਾਂਚੇ ਦਾ ਨਿਰਮਾਣ ਸ਼ੁਰੂ ਕਰਵਾ ਦਿਤਾ ਹੈ।
ਜ਼ਿਕਰਯੋਗ ਹੈ ਕਿ ਹਾਲ ’ਚ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਭਾਰਤ ਦੇ ਉੱਤਰ ਪੂਰਬੀ ਸੂਬੇ ਅਰੁਨਾਚਲ ਪ੍ਰਦੇਸ਼ ਦੀ ਸਰਹੱਦ ’ਤੇ ਚੀਨ ਨੇ ਬਕਾਇਦਾ ਇਕ ਪਿੰਡ ਵਸਾ ਲਿਆ ਹੈ। ਅਰੁਨਾਚਲ ਦੇ ਸੁਬਨਸਿਰੀ ਜ਼ਿਲ੍ਹੇ ਦੇ ਉੱਪਰੀ ਹਿੱਸੇ ’ਚ ਸਰੀ ਚੂ ਨਦੀ ਦੇ ਕੰਢੇ 101 ਮਕਾਨਾਂ ਵਾਲਾ ਪਿੰਡ ਬਣਾਇਆ ਗਿਆ ਹੈ। ਇਸ ਦੀਆਂ ਤਸਵੀਰਾਂ ਸੈਟੇਲਾਈਟ ਤੋਂ ਦੇਖੀਆਂ ਗਈਆਂ ਹਨ। ਸੈਟੇਲਾਈਟ ਦੀਆਂ ਦੋ ਤਸਵੀਰਾਂ ’ਚ ਪਹਿਲੀ 26 ਅਗਸਤ 2019 ਦੀਆਂ ਹਨ ਤੇ ਜਿਸ ’ਚ ਕੋਈ ਨਿਰਮਾਣ ਕਾਰਜ ਨਹੀਂ ਹੋਇਆ ਸੀ ਤੇ ਨਾ ਹੀ ਉਥੇ ਕੋਈ ਆਬਾਦੀ ਸੀ। ਜਦਕਿ ਨਵੰਬਰ, 2020 ਦੀ ਤਸਵੀਰ ’ਚ ਮਕਾਨ ਦੇਖੇ ਜਾ ਸਕਦੇ ਹਨ। (ਪੀਟੀਆਈ)
image