ਕਿਸਾਨ ਮੋਰਚੇ 'ਤੇ ਪਹੁੰਚੇ ਸਿੱਖ ਨੌਜਵਾਨ ਗੌਰਵ ਦੀ ਸੇਵਾਭਾਵਨਾ ਵੇਖ ਖ਼ੁਸ਼ ਹੋਜਾਂਦੀ ਹੈਹਰ ਕਿਸੇਦੀਰੂਹ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਮੋਰਚੇ 'ਤੇ ਪਹੁੰਚੇ ਸਿੱਖ ਨੌਜਵਾਨ ਗੌਰਵ ਦੀ ਸੇਵਾ-ਭਾਵਨਾ ਵੇਖ ਖ਼ੁਸ਼ ਹੋ ਜਾਂਦੀ ਹੈ ਹਰ ਕਿਸੇ ਦੀ ਰੂਹ

image


ਬਾਬੇ ਨਾਨਕ ਦੇ ਸਿਧਾਂਤਾਂ 'ਤੇ ਚੱਲਾਂਗੇ ਤਾਂ ਫ਼ਤਿਹ ਜ਼ਰੂਰ ਹਾਸਲ ਕਰਾਂਗੇ : ਸਿੱਖ ਨੌਜਵਾਨ

ਨਵੀਂ ਦਿੱਲੀ, 22 ਜਨਵਰੀ (ਮਨੀਸ਼ਾ): ਦੁਨੀਆਂ ਭਰ ਵਿਚ ਵਸਦੇ ਸਿੱਖ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਦਿੱਲੀ ਵਿਚ ਲੱਗੇ ਕਿਸਾਨ ਮੋਰਚੇ ਦੌਰਾਨ ਮਨੁੱਖਤਾ ਦੀ ਸੇਵਾ ਦੀਆਂ ਕਈ ਵਿਲੱਖਣ ਮਿਸਾਲਾਂ ਵੇਖਣ ਨੂੰ ਮਿਲ ਰਹੀਆਂ ਹਨ | ਸਿੰਘੂ ਬਾਰਡਰ 'ਤੇ ਇਨਿਸ਼ੀਏਟਰਸ ਆਫ ਚੇਂਜ ਸੰਸਥਾ ਵਲੋਂ ਲੋੜਵੰਦਾਂ ਦੀ ਮਦਦ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ |
ਸੰਸਥਾ ਵਲੋਂ ਕਿਸਾਨ ਮੋਰਚੇ 'ਤੇ ਪਹੁੰਚੇ ਕਿਸਾਨਾਂ ਲਈ ਜੈਕਟਾਂ, ਕੋਟੀਆਂ, ਕੰਬਲ, ਰਜਾਈਆਂ ਆਦਿ ਦੀ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ | ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਲਈ ਦਵਾਈਆਂ ਵੀ ਦਿਤੀਆਂ ਜਾ ਰਹੀਆਂ ਹਨ | ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸੰਸਥਾ ਦੇ ਮੈਂਬਰ ਗੌਰਵ ਨੇ ਦਸਿਆ ਕਿ ਉਹ ਮੋਰਚੇ ਦਾ ਹਿੱਸਾ ਬਣਨ ਆਏ ਸੀ ਤੇ ਪਰ ਉਨ੍ਹਾਂ ਵੇਖਿਆ ਕਿ ਕਈ ਲੋਕਾਂ ਨੂੰ ਸੱਟਾਂ ਲਗੀਆਂ ਹੋਈਆਂ ਹਨ ਤਾਂ ਉਨ੍ਹਾਂ ਨੇ ਕਿਸਾਨਾਂ ਨੂੰ ਮੈਡੀਕਲ ਕਿੱਟਾਂ ਵੰਡੀਆਂ |
ਗੌਰਵ ਨੇ ਦਸਿਆ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਦਵਾਈਆਂ ਰੱਖਣ ਲਈ ਅਪਣੀ ਦੁਕਾਨ ਦੇ ਦਿਤੀ | ਬਾਬੇ ਨਾਨਕ ਦੀ ਕਿ੍ਪਾ ਨਾਲ ਕਿਸੇ ਵੀਰ ਨੇ ਉਨ੍ਹਾਂ ਨੂੰ ਟੈਂਟ ਦੇ ਦਿਤਾ ਅਤੇ ਕਿਸੇ ਨੇ ਲੋੜਵੰਦਾਂ ਨੂੰ ਵੰਡਣ ਲਈ ਕੰਬਲ ਦੇ ਦਿਤੇ | ਇਸ ਤੋਂ ਬਾਅਦ ਜਿਵੇਂ-ਜਿਵੇਂ ਲੋੜ ਵਧਦੀ ਗਈ, ਲੋਕ ਮਦਦ ਕਰਦੇ ਰਹੇ, ਜਿਸ ਨਾਲ ਹੁਣ ਲੋੜਵੰਦਾਂ ਨੂੰ ਜ਼ਰੂਰਤ ਦਾ ਹਰ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ |
ਗੌਰਵ ਦਾ ਕਹਿਣਾ ਹੈ ਕਿ ਇਥੇ ਰੱਬ ਵਸਦਾ ਹੈ, ਇਥੇ ਆ ਕੇ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ | ਉਨ੍ਹਾਂ ਕਿਹਾ ਲੋਕ ਸਵਾਲ ਚੁਕ ਰਹੇ ਨੇ ਕਿ ਇਹ ਸੱਭ ਕਿਥੋਂ ਆ ਰਿਹਾ ਹੈ? ਗੌਰਵ ਨੇ ਕਿਹਾ ਇਹ ਸਾਨੂੰ ਵੀ ਨਹੀਂ ਪਤਾ ਕਿ ਇਹ ਸੇਵਾ ਕਿਥੋਂ ਆ ਰਹੀ ਹੈ | ਜਿਹੜੇ ਲੋਕ ਦੇ ਕੇ ਜਾ ਰਹੇ, ਉਹ ਅਪਣੇ ਨਾਮ ਵੀ ਨਹੀਂ ਦਸ ਰਹੇ | ਉਨ੍ਹਾਂ ਕਿਹਾ ਇਹ ਬਾਬੇ ਨਾਨਕ ਵਲੋਂ ਸ਼ੁਰੂ ਕੀਤੀ ਗਈ ਸੇਵਾ ਚਲ ਰਹੀ ਹੈ |
ਕੌਮੀ ਜਾਂਚ ਬਿਊਰੋ (ਐਨਆਈਏ) ਵਲੋਂ ਜਾਰੀ ਕੀਤੇ ਜਾ ਰਹੇ ਨੋਟਿਸਾਂ 'ਤੇ ਗੌਰਵ ਨੇ ਕਿਹਾ ਕਿ ਜਦੋਂ ਅਸੀ ਮੋਰਚੇ ਵਿਚ ਆਏ ਤਾਂ ਪਤਾ ਸੀ ਕਿ ਜਦੋਂ ਸਰਕਾਰ ਵਿਰੁਧ ਹੱਕਾਂ ਲਈ ਸੰਘਰਸ਼ ਹੋਵੇਗਾ ਤਾਂ ਉਨ੍ਹਾਂ 'ਤੇ ਪਰਚੇ ਵੀ ਹੋਣਗੇ | ਪਰ ਜੇ ਅਸੀ ਝੂਠੇ ਪਰਚਿਆਂ ਤੋਂ ਡਰ ਗਏ ਤਾਂ ਅੱਗੇ ਨਹੀਂ ਵਧ ਸਕਾਂਗੇ |
ਗੌਰਵ ਨੇ ਦਸਿਆ ਕਿ ਉਨ੍ਹਾਂ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਨਹੀਂ ਹੈ ਪਰ ਇੰਨਾ ਜ਼ਰੂਰ ਪਤਾ ਕਿ ਇਹ ਹੱਕਾਂ ਲਈ ਲੜੀ ਜਾ ਰਹੀ ਜੰਗ ਸੱਭ ਦੀ ਸਾਂਝੀ ਹੈ | ਜੇ ਖੇਤੀ ਨਾ ਰਹੀ ਤਾਂ ਪੰਜਾਬ ਨਹੀਂ ਰਹਿਣਾ, ਜੇ ਪੰਜਾਬ ਨਾ ਰਿਹਾ ਤਾਂ ਸਾਡੀ ਕੌਮ ਵੀ ਨਹੀਂ ਰਹੇਗੀ | ਗੌਰਵ ਨੇ ਕਿਹਾ ਕਿ ਇਸ ਸੰਘਰਸ਼ ਨੂੰ ਪ੍ਰਮਾਤਮਾ ਚਲਾ ਰਿਹਾ ਹੈ |