ਕਿਸਾਨਾਂ ਦੇ ਸਮਰਥਨ ‘ਚ ਡਟੀ ਫਿਲਮ ਅਦਾਕਾਰ ਗੁਰਪ੍ਰੀਤ ਕੌਰ ਭੰਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਦੇ ਨਵੇਂ ਕਾਨੂੰਨਾਂ ਵਿਰੁੱਧ ਦੇਸ਼ ਦੇ ਕਿਸਾਨਾਂ ਦਾ ਧਰਨਾ...

Gurpreet Kaur Bhangu

ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਦੇ ਨਵੇਂ ਕਾਨੂੰਨਾਂ ਵਿਰੁੱਧ ਦੇਸ਼ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਕੇਂਦਰ ਸਰਕਾਰ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਕਾਨੂੰਨ ਰੱਦ ਕਰਾਉਣ ਲਈ ਕੜਾਕੇ ਦੀ ਠੰਡ ‘ਚ ਵੀ ਡਟੇ ਹੋਏ ਹਨ। ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 58ਵੇਂ ਦਿਨ ਵੀ ਜਾਰੀ ਹੈ।

ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਅਦਾਕਾਰਾਂ, ਗਾਇਕਾਂ, ਹੋਰ ਵੀ ਕਈਂ ਵੱਡੇ ਸਿਤਾਰਿਆਂ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ ਹੈ। ਉਥੇ ਹੀ ਅੱਜ ਪੰਜਾਬੀ ਫਿਲਮਾਂ ਦੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਉਚੇਚੇ ਤੌਰ ‘ਤੇ ਕਿਸਾਨੀ ਮੋਰਚੇ ‘ਤੇ ਪਹੁੰਚੇ, ਉਨ੍ਹਾਂ ਨੇ ਹਮੇਸ਼ਾਂ ਹੀ ਆਪਣੀਆਂ ਫ਼ਿਲਮਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਮੈਂ ਉਦੋਂ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹਾਂ, ਚਾਹੇ ਉਹ ਵੱਡੇ ਮੌਲਾਂ ਬਾਹਰ ਹੋਵੇ, ਚਾਹੇ ਟੋਲ ਪਲਾਜ਼ਿਆਂ, ਹੋਰ ਵੀ ਕਈਂ ਥਾਵਾਂ ਉਤੇ ਅਸੀਂ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਂਦੇ ਆ ਰਹੇ ਹਾਂ। ਮੋਦੀ ਸਰਕਾਰ ਦੇ ਤਿੰਨੋਂ ਕਾਲੇ ਕਾਨੂੰਨ ਪੂੰਜੀਪਤੀਆਂ ਵੱਲੋਂ ਬਣਾਏ ਗਏ ਹਨ ਅਤੇ ਇਹ ਕਾਨੂੰਨ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਸਾਰਿਆਂ ਲਈ ਨੁਕਸਾਨਦੇਹ ਹਨ, ਇਸ ਲਈ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਾਂ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਸਾਡਾ ਵੀ ਸੋਸ਼ਣ ਹੋ ਰਿਹਾ ਹੈ, ਅਸੀਂ ਇਸ ਕਰਕੇ ਟਿੱਕਰੀ ਬਾਰਡਰ ‘ਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਆਜ਼ਾਦ ਭਾਰਤ ਦੇ ਇਤਿਹਾਸ ਵਾਲੀਆਂ ਕਿਤਾਬਾਂ ਵੰਡਣ ਆਏ ਹਾਂ ਤਾਂ ਜੋ ਇਤਿਹਾਸ ਪੜ੍ਹਕੇ ਲੋਕ ਜਾਗਰੂਕ ਹੋਣ। ਉਨ੍ਹਾਂ ਕਿਹਾ ਕਿ ਹਰ ਵਰਗ ਕਿਸਾਨਾਂ ਦੇ ਨਾਲ ਹੀ ਹੈ ਕਿਉਂਕਿ ਜੇ ਸਾਡੇ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਗਾਇਕ ਅਤੇ ਆਮ ਜਨਤਾ ਵੀ ਖੁਸ਼ਹਾਲ ਹੋਣਗੇ, ਇਸ ਕਰਕੇ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਸਗੋਂ ਸਭ ਦਾ ਸਾਂਝਾ ਅੰਦੋਲਨ ਹੈ, ਇਹ ਕਾਲੇ ਕਾਨੂੰਨ ਪੂੰਜੀ ਪਤੀਆਂ ਦੇ ਹੱਕ ਵਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਸੀਂ ਕਿਸਾਨਾਂ ਨਾਲ ਸ਼ੁਰੂਆਤ ਤੋਂ ਹੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹੇ ਹਾਂ।

ਅੰਦੋਲਨ ‘ਚ ਪਹੁੰਚੇ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਨੇ ਕਿਤਾਬਾਂ ਵੰਡਣ ਬਾਰੇ ਜਾਣਕਾਰੀ ਦਿੱਤੀ ਕਿ ਅਸੀਂ ਇੱਥੇ 10 ਹਜ਼ਾਰ ਕਿਤਾਬਾਂ ਲੈ ਕੇ ਆਏ ਹਾਂ, ਇਹ ਸੰਸਥਾ ਸ਼੍ਰੀ ਚਮਕੌਰ ਸਾਹਿਬ ਵਿਚ ਬਣਾਈ ਹੋਈ ਹੈ ਅਤੇ ਇਸਤੋਂ ਪਹਿਲਾਂ ਵੀ ਅਸੀਂ ਅੰਦੋਲਨ ਵਿਚ 2 ਹਜ਼ਾਰ ਲੋਈਆਂ ਤੇ 1 ਹਜ਼ਾਰ ਗਰਮ ਛਾਲ ਵੀ ਇੱਥੇ ਵੰਡਕੇ ਗਏ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਵਿਚ ਹਰਿਆਣਾ ਦੇ ਭਾਈਚਾਰੇ ਅਤੇ ਖਾਲਸਾ ਏਡ ਵੱਲੋਂ ਕਈਂ ਤਰ੍ਹਾਂ ਦੇ ਵੱਡੇ ਸਹਿਯੋਗ ਪਾਏ ਗਏ ਹਨ, ਉਨ੍ਹਾਂ ਦੇ ਲਈ ਦਿਲੋਂ ਧਨਵਾਦ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੰਦੋਲਨ ਵਿਚ ਜਿੰਨੇ ਨੌਜਵਾਨ ਹਨ ਉਨ੍ਹਾਂ ਦੇ ਹੱਥਾਂ ਵਿਚ ਸਾਡੇ ਇਤਿਹਾਸ ਦੀਆਂ ਕਿਤਾਬਾਂ ਜਾਣੀਆਂ ਚਾਹੀਦੀਆਂ ਹਨ, ਜਿਵੇਂ ਕਰਤਾਰ ਸਿੰਘ ਸਰਾਭਾ ਦੀ ‘ਗਦਰ ਲਹਿਰ ਦਾ ਇਤਿਹਾਸ’, ਮੋਇਆਂ ਦੇ ਖੱਤ, ਭਗਤ ਸਿੰਘ ਦੀ ਜੀਵਨੀ, ਚੰਗੇ ਵਿਦਿਆਰਥੀ ਦੀ ਸਿਰਜਣਾ ਜਿਹੜੀ ਕਿ ਸਵਰਨਜੀਤ ਸਿੰਘ ਭੰਗੂ ਹੁਰਾਂ ਦੀ ਲਿਖਤ ਹੈ, ਇਨ੍ਹਾਂ ਚਾਰੋਂ ਕਿਤਾਬਾਂ ਦਾ ਬੰਡਲ ਬਣਾ ਕੇ ਅਸੀਂ ਹਰੇਕ ਟਰਾਲੀ ਵਿਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਕਿਤਾਬਾਂ ਨੂੰ ਦੇਸ਼ ਦਾ ਹਰ ਇੱਕ ਨੌਜਵਾਨ ਪੜ੍ਹੇ ਅਤੇ ਆਪਣੇ ਇਤਿਹਾਸ ਪ੍ਰਤੀ ਜਾਗਰੂਕ ਹੋ ਸਕੇ।