ਬਰਡ ਫ਼ਲੂ ਤੋਂ ਬਚਣ ਲਈ ਪੰਛੀ ਰੱਖ ਹਰੀਕੇ ਵਿਖੇ ਪੰਛੀਆਂ ਦੇ ਰੋਜ਼ਾਨਾ ਲਏ ਜਾ ਰਹੇ ਹਨ 50 ਸੈਂਪਲ

ਏਜੰਸੀ

ਖ਼ਬਰਾਂ, ਪੰਜਾਬ

ਬਰਡ ਫ਼ਲੂ ਤੋਂ ਬਚਣ ਲਈ ਪੰਛੀ ਰੱਖ ਹਰੀਕੇ ਵਿਖੇ ਪੰਛੀਆਂ ਦੇ ਰੋਜ਼ਾਨਾ ਲਏ ਜਾ ਰਹੇ ਹਨ 50 ਸੈਂਪਲ

IMAGE

ਪੱਟੀ/ਹਰੀਕੇ, 21 ਜਨਵਰੀ (ਅਜੀਤ ਘਰਿਆਲਾ) : ਬੀਤੇ ਦਿਨੀਂ ਰੂਪਨਗਰ ਵਿਖੇ ਬਰਡ ਫ਼ਲੂ ਦੇ ਮਿਲੇ ਸੰਕੇਤ ਤੋਂ ਬਾਅਦ ਹਰੀਕੇ ਪੰਛੀ ਰੱਖ ਵਿਖੇ ਸਬੰਧਤ ਵਿਭਾਗਾਂ ਵਲੋਂ ਪੈਟਰੋਲਿੰਗ ਨੂੰ ਹੋਰ ਤੇਜ਼ ਕਰਦੇ ਹੋਏ ਪੰਛੀਆਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ | ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਭਰ 'ਚ ਪੰਛੀਆਂ ਦੇ ਰੋਜ਼ਾਨਾ 50 ਸੈਂਪਲ ਲੈਬਾਟਰੀ ਜਾਂਚ ਲਈ ਭੇਜੇ ਜਾ ਰਹੇ ਹਨ | ਹੁਣ ਤਕ ਜ਼ਿਲ੍ਹੇ ਅੰਦਰ ਕੋਈ ਵੀ ਬਰਡ ਫ਼ਲੂ ਸਬੰਧੀ ਮਾਮਲਾ ਸਾਹਮਣੇ ਨਹੀਂ ਆਇਆ | 
ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਜਾਰੀ ਅਲਰਟ ਦੇ ਬਾਵਜੂਦ ਪੰਛੀਆਂ ਨਾਲ ਪਿਆਰ ਕਰਨ ਵਾਲੇ ਬੱਚੇ ਅਤੇ ਹੋਰ ਲੋਕ ਪਰਵਾਰਾਂ ਸਮੇਤ ਹਰੀਕੇ ਸੈਂਚੁਰੀ 'ਚ ਪਹੁੰਚ ਸੁੰਦਰ ਨਜ਼ਾਰੇ ਦਾ ਆਨੰਦ ਮਾਣ ਰਹੇ ਹਨ | ਹਰੀਕੇ ਪੱਤਣ 'ਚ ਪੁੱਜਣ ਵਾਲੇ ਪੰਛੀਆਂ ਦੀ ਗਿਣਤੀ 23 ਜਨਵਰੀ ਨੂੰ ਸ਼ੁਰੂ ਕੀਤੀ ਜਾ ਰਹੀ ਹੈ |
ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਪੋਂਗ ਡੈਮ ਵਿਖੇ ਪਿਛਲੇ ਦਿਨੀਂ ਬਰਡ ਫ਼ਲੂ ਕਾਰਨ ਮਾਰੇ ਗਏ ਪੰਛੀਆਂ ਤੋਂ ਬਾਅਦ ਪੰਜਾਬ ਭਰ 'ਚ ਅਲਰਟ ਜਾਰੀ ਕਰ ਦਿਤਾ ਗਿਆ ਸੀ | ਕੱੁਝ ਦਿਨ ਪਹਿਲਾਂ ਰੂਪਨਗਰ ਵਿਖੇ ਬਰਡ ਫ਼ਲੂ ਨਾਲ ਮਾਰੇ ਗਏ ਕੱੁਝ ਪੰਛੀਆਂ ਦੇ ਸੰਕੇਤ ਮਿਲਣ ਉਪਰੰਤ ਹਰੀਕੇ ਬਰਡ ਸੈਂਚੁਰੀ ਵਿਖੇ ਸਬੰਧਤ ਵਿਭਾਗਾਂ ਵਲੋਂ ਨਜ਼ਰ ਰਖਣੀ ਹੋਰ ਤੇਜ਼ ਕਰ ਦਿਤੀ ਗਈ ਹੈ | ਹਰੀਕੇ ਬਰਡ ਸੈਂਚੁਰੀ 'ਚ ਇਸ ਸਮੇਂ ਕਰੀਬ 90 ਹਜ਼ਾਰ ਦੇ ਕਰੀਬ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਪੁੱਜ ਚੁੱਕੇ ਹਨ | ਜਿੰਨ੍ਹਾਂ ਦਾ ਜੰਗਲਾਤ ਵਿਭਾਗ ਅਤੇ ਵਰਲਡ ਵਾਈਲਡ ਲਾਈਫ਼ ਫ਼ੰਡ ਦੀਆਂ ਟੀਮਾਂ ਵਲੋਂ 24 ਘੰਟੇ ਪੈਟਰੋਲਿੰਗ ਕਰਦੇ ਹੋਏ ਨਜ਼ਰ ਰੱਖੀ ਜਾ ਰਹੀ ਹੈ | ਇਨ੍ਹਾਂ ਟੀਮਾਂ ਵਲੋਂ ਪੰਛੀਆਂ ਦੀਆਂ ਸਾਰੀਆਂ ਗਤੀ ਵਿਧੀਆਂ ਅਤੇ ਖਾਣ-ਪੀਣ ਉਪਰ ਵੀ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ | ਹਰੀਕੇ ਪੱਤਣ ਵਿਖੇ ਆਏ ਰੰਗ ਬਿਰੰਗੇ ਮਹਿਮਾਨਾਂ ਨੂੰ ਵੇਖਣ ਲਈ ਲੋਕਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ | ਇਸ ਤੋਂ ਇਲਾਵਾ ਪੰਛੀਆਂ ਨਾਲ ਪਿਆਰ ਕਰਨ ਵਾਲੇ, ਸੁੰਦਰ ਇਕਾਂਤ ਵਾਤਾਵਰਨ ਦਾ ਨਜ਼ਾਰਾ ਲੈਣ ਲਈ ਸਕੂਲੀ ਬੱਚੇ ਵੀ ਵਿਸ਼ੇਸ਼ ਤੌਰ 'ਤੇ ਅਪਣੇ ਕੈਮਰੇ ਲੈ ਪੁੱਜਦੇ ਦਿਖਾਈ ਦੇ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਰਲਡ ਵਾਈਲਡ ਲਾਈਫ਼ ਫ਼ੰਡ ਦੇ ਪ੍ਰਾਜੈਕਟ ਅਫ਼ਸਰ ਮੈਡਮ ਗਿਤਾਂਜਲੀ ਕੰਵਰ ਨੇ ਦਸਿਆ ਕਿ ਵੱਖ-ਵੱਖ ਪ੍ਰਜਾਤੀਆਂ ਦੇ ਪੁੱਜ ਚੁੱਕੇ ਪੰਛੀਆਂ ਦੀ ਗਿਣਤੀ ਕਰਨ ਲਈ 23-24 ਜਨਵਰੀ ਨੂੰ ਵਿਸ਼ੇਸ਼ ਟੀਮਾਂ ਰਾਹੀਂ ਦਰਿਆ ਅੰਦਰ ਜਾ ਗਿਣਤੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ |
    ਉਨ੍ਹਾਂ ਦਸਿਆ ਕਿ ਪੰਛੀਆਂ ਦੀ ਸਿਹਤ ਸਬੰਧੀ ਪੂਰਾ ਖ਼ਿਆਲ ਰਖਿਆ ਜਾ ਰਿਹਾ ਹੈ | ਇਸੇ ਤਰ੍ਹਾਂ ਜੰਗਲਾਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਲਿਨ ਯਾਦਵ ਨੇ ਦਸਿਆ ਕਿ ਬਰਡ ਫ਼ਲੂ ਕਾਰਨ ਪੂਰੇ ਹਰੀਕੇ ਬਰਡ ਸੈਂਚੁਰੀ ਦੇ ਇਲਾਕੇ 'ਚ ਪੈਦਲ ਅਤੇ ਕਿਸ਼ਤੀਆਂ ਰਾਹੀਂ ਕੀਤੀ ਜਾ ਰਹੀ ਹੈ | ਇਸ 'ਚ ਰੇਂਜ ਅਫ਼ਸਰ ਅਤੇ ਗਾਰਡਾਂ ਦੀ ਮਦਦ ਨਾਲ ਪੰਛੀਆਂ ਦੇ ਹਰ ਇਲਾਕੇ 'ਚ ਪਹੁੰਚ ਕਰਦੇ ਹੋਏ ਨਜ਼ਰ ਰੱਖੀ ਜਾਂਦੀ ਹੈ | 
    ਉਨ੍ਹਾਂ ਦਸਿਆ ਕਿ ਇਸ ਵੇਲੇ ਕੋਈ ਵੀ ਬਰਡ ਫ਼ਲੂ ਦਾ ਕੇਸ ਸਾਹਮਣੇ ਨਹੀਂ ਆਇਆ ਹੈ | ਪਸ਼ੂ ਪਾਲਣ ਵਿਭਾਗ ਦੇ ਨੋਡਲ ਅਫ਼ਸਰ ਡਾ. ਬਲਜੀਤ ਸਿੰਘ ਨੇ ਦਸਿਆ ਕਿ ਸਰਕਾਰ ਦੇ ਹੁਕਮਾਂ ਤਹਿਤ ਹਰੀਕੇ ਬਰਡ ਸੈਂਚੁਰੀ ਤੋਂ ਪੰਛੀਆਂ ਦੇ ਰੋਜ਼ਾਨਾ 20 ਸੈਂਪਲ ਲਏ ਜਾ ਰਹੇ ਹਨ | ਇਸ ਤੋਂ ਇਲਾਵਾ ਸਬ ਡਵੀਜ਼ਨ ਖਡੂਰ ਸਾਹਿਬ, ਤਰਨਤਾਰਨ ਅਤੇ ਪੱਟੀ ਅਧੀਨ ਆਉਂਦੇ ਪੋਲਟਰੀ ਫ਼ਾਰਮਾਂ ਅਤੇ ਘਰੇਲੂ ਪੰਛੀਆਂ ਦੀਆਂ ਵਿੱਠਾਂ ਦੇ 10-10 ਸੈਂਪਲ ਲੈਬਾਟਰੀ ਜਾਂਚ ਲਈ ਭੇਜੇ ਜਾ ਰਹੇ ਹਨ |