ਪੰਜਾਬ ਨੇ 132 ਲੱਖ ਟਨ ਖ਼ਰੀਦ ਦਾ ਟੀਚਾ ਰਖਿਆ: ਭਾਰਤ ਭੂਸ਼ਣ ਆਸ਼ੂ
ਪੰਜਾਬ ਨੇ 132 ਲੱਖ ਟਨ ਖ਼ਰੀਦ ਦਾ ਟੀਚਾ ਰਖਿਆ: ਭਾਰਤ ਭੂਸ਼ਣ ਆਸ਼ੂ
ਚੰਡੀਗੜ੍ਹ, 21 ਜਨਵਰੀ (ਜੀ.ਸੀ.ਭਾਰਦਵਾਜ): ਪੰਜਾਬ ਦੇ ਕਿਸਾਨਾਂ ਵਲੋਂ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਛੇੜਿਆ ਅੰਦੋਲਨ ਇਕ ਪਾਸੇ 56 ਦਿਨ ਵਿਚ ਪਹੁੰਚ ਗਿਆ ਹੈੇ। ਦੂਜੇ ਪਾਸੇ ਕੇਂਦਰੀ ਅੰਨ ਭੰਡਾਰ ਲਈ ਕਣਕ ਖ਼ਰੀਦ ਦੇ ਪ੍ਰਬੰਧ, ਪੰਜਾਬ ਸਰਕਾਰ ਨੇ ਮਾਰਕਫ਼ੈੱਡ, ਪਨਸਪ, ਪਨਗਰੇਨ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਰਾਹੀਂ ਸ਼ੁਰੂ ਕਰ ਦਿਤੇ ਹਨ। ਲਗਭਗ ਢਾਈ ਮਹੀਨੇ ਬਾਅਦ ਸੋਨੇ ਰੰਗੀ ਫ਼ਸਲ, ਮੰਡੀਆਂ ਵਿਚ ਵਿਕਣ ਲਈ ਆਉਣ ਵਾਲੀ ਕਣਕ ਦਾ ਮੁੱਲ ਕੇਂਦਰ ਸਰਕਾਰ ਨੇ 1975 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੋਇਆ ਹੈ।
ਰੋਜ਼ਾਨਾ ਸਪੋਕਸਮੈਨ ਵਲੋਂ ਅੱਜ ਅਨਾਜ ਭਵਨ ਸੈਕਟਰ 39 ਵਿਚ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਦਸਿਆ ਕਿ ਪਿਛਲੇ ਸਾਲ ਖ਼ਰੀਦੀ ਗਈ ਰੀਕਾਰਡ 127 ਲੱਖ ਟਨ ਕਣਕ ਦੇ ਮੁਕਾਬਲੇੇ, ਐਤਕੀਂ 132 ਲੱਖ ਟਨ ਦਾ ਟੀਚਾ ਰਖਿਆ ਹੈ ਜਿਸ ਲਈ 23,000 ਕਰੋੜ ਦੀ ਕੈਸ਼ ¬ਕ੍ਰੈਡਿਟ ਲਿਮਟ ਸਬੰਧੀ ਕੇਂਦਰ ਦੇ ਵਿੱਤ ਮੰਤਰਾਲੇ ਤਕ ਪਹੁੰਚ ਕਰਨ ਦੀ ਪ੍ਰਕਿਰਿਆ ਸ਼ਰੁੂ ਕਰ ਦਿਤੀ ਗਈ ਹੈ। ਅੱਜ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਅਨਾਜ ਸਪਲਾਈ ਵਿਭਾਗ ਤੇ ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਸਮੇਤ ਹੋਰ ਅਧਿਕਾਰੀਆਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪ੍ਰਬੰਧਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਪਿਛਲੇ ਮਹੀਨਿਆਂ ਵਿਚ ਖ਼ਰੀਦੇ 209 ਲੱਖ ਟਨ ਝੋਨੇ ਵਿਚੋਂ ਚਾਵਲ ਬਣਾਉਣ ਦੀ ਪ੍ਰਕਿਰਿਆ ਬਾਰੇ ਵੀ ਵੇਰਵੇ ਸਹਿਤ ਜਾਇਜ਼ਾ ਲਿਆ। ਇਕ ਅਪ੍ਰੈਲ ਤੋਂ ਖ਼ਰੀਦੀ ਜਾਣ ਵਾਲੀ ਕਣਕ ਲਈ, ਮੰਡੀਆਂ, ਖ਼ਰੀਦ ਕੇਂਦਰਾਂ, ਆਰਜ਼ੀ ਕੇਂਦਰਾਂ ਤੇ ਕਣਕ ਦੇ ਭੰਡਾਰ ਖੁਲ੍ਹੇ ਵਿਚ ਲਗਾਉਣ ਅਤੇ ਸਟੋਰਾਂ ਵਿਚ ਥਾਂ ਖ਼ਾਲੀ ਕਰਨ ਸਬੰਧੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 2100 ਪੱਕੀਆਂ ਮੰਡੀਆਂ ਤੋਂ ਇਲਾਵਾ ਇੰਨੇ ਹੀ ਹੋਰ ਖ਼ਰੀਦ ਕੇਂਦਰ ਸਥਾਪਤ ਕੀਤੇ ਜਾਣੇ ਹਨ ਜਿਨ੍ਹਾਂ ਵਿਚ ਪਾਣੀ ਬਿਜਲੀ ਅਤੇ ਹੋਰ ਟਾਇਲਟ ਬਗ਼ੈਰਾ ਦਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 132 ਲੱਖ ਟਨ ਵਿਚੋਂ 106 ਲੱਖ ਟਨ ਯਾਨੀ 80 ਫ਼ੀ ਸਦੀ ਕਣਕ, ਪੰਜਾਬ ਦੀਆਂ 4 ਏਜੰਸੀਆਂ ਖ਼ਰੀਦਣਗੀਆਂ ਅਤੇ ਬਾਕੀ ਕੇਵਲ 20 ਫ਼ੀ ਸਦੀ ਯਾਨੀ 25-26 ਲੱਖ ਟਨ ਕਣਕ, ਐਫ਼.ਸੀ.ਆਈ ਖ਼ਰੀਦੇਗੀ।
ਮੰਤਰੀ ਨੇ ਦਸਿਆ ਕਿ 50-50 ਕਿਲੋ ਦੇ ਥੈਲੇ ਜਾਂ ਬੋਰੀਆਂ ਦੀਆਂ 500-500 ਦੀ ਗੰਢ ਦੇ ਰੇਟ ਨਾਲ 3,87,000 ਗੰਢਾਂ ਅਤੇ 30-30 ਕਿਲੋ ਦੇ ਥੈਲਿਆਂ ਦੀਆਂ 58,000 ਗੰਢਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੌਜੂਦਾ ਸਟੋਰਾਂ ਅਤੇ ਖੁਲ੍ਹੇ ਅਸਮਾਨ ਹੇਠ ਤਰਪਾਲਾਂ ਨਾਲ ਢੱਕ ਕੇ ਬੋਰੀਆਂ ਲਾਉਣ ਦੀ ਥਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਕੋਲ 288 ਲੱਖ ਟਨ ਭੰਡਾਰਣ ਦੀ ਥਾਂ ਹੈ ਜਿਸ ਵਿਚੋਂ 176 ਲੱਖ ਟਨ ਦੀ ਛੱਤ ਵਾਲੀ ਥਾਂ ’ਤੇ 111-12 ਲੱਖ ਟਨ ਦੀ ਪੱਕੀ ਖੁਲ੍ਹੇ ਵਿਚ ਥਾਂ ਹੈ ਅਤੇ ਇਸ ਵੇਲੇ 90 ਲੱਖ ਟਨ ਦੇ ਸਟੋਰਾਂ ਵਿਚੋਂ ਹਰ ਮਹੀਨੇ 9 ਲੱਖ ਟਨ ਚਾਵਲ ਦੂਜੇ ਸੂਬਿਆਂ ਨੂੰ ਭੇਜਿਆ ਜਾ ਰਿਹਾ ਹੈ।
ਪ੍ਰਤੀ ਕੁਇੰਟਲ ਰੇਟ ਪਿਛਲੇ ਸਾਲ ਦੇ 1925 ਰੁਪਏ ਦੇ ਮੁਕਾਬਲੇ ਐਤਕੀਂ 50 ਰੁਪਏ ਹੋਰ ਪਾ ਕੇ, ਕੁਲ 1975 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੇ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾਣਾ ਦਾਣਾ ਖ਼ਰੀਦੇਗੀ ਅਤੇ ਕਿਸਾਨ ਨੂੰ ਉਸ ਦੀ ਫ਼ਸਲ ਦੀ ਅਦਾਇਗੀ 72 ਘੰਟੇ ਦੀ ਬਜਾਏ 48 ਘੰਟਿਆਂ ਵਿਚ ਕਰੇਗੀ। ਪਹਿਲੀ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਣ ਵਾਲੀ ਕਣਕ ਖ਼ਰੀਦ 31 ਮਈ ਜਾਂ ਜੂਨ 10 ਤਕ ਚਲੇਗੀ।
ਫ਼ੋਟੋ ਨਾਲ ਨੱਥੀ