ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸਮੁੱਚੇ ਇਮੀਗ੍ਰੇਸ਼ਨ ਸੁਧਾਰ ਬਿਲ ਕਾਂਗਰਸ ਨੂੰ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸਮੁੱਚੇ ਇਮੀਗ੍ਰੇਸ਼ਨ ਸੁਧਾਰ ਬਿਲ ਕਾਂਗਰਸ ਨੂੰ ਭੇਜਿਆ

image

ਹਜ਼ਾਰਾਂ ਪ੍ਰਵਾਸੀਆਂ ਅਤੇ ਹੋਰ ਸਮੂਹਾਂ ਨੂੰ ਨਾਗਰਿਕਤਾ ਮਿਲਣ ਦਾ ਰਾਹ ਹੋਵੇਗਾ ਸਾਫ਼ 

ਵਾਸÇੰਗਟਨ, 21 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਹੀ ਦਿਨ ਸਮੁੱਚੇ ਇਮੀਗ੍ਰੇਸਨ ਬਿਲ ਨੂੰ ਕਾਂਗਰਸ ਨੂੰ ਭੇਜਿਆ। ਬਿਲ ਵਿਚ ਇਮੀਗ੍ਰੇਸ਼ਨ ਨਾਲ ਜੁੜੇ ਸਿਸਟਮ ਵਿਚ ਵੱਡੀਆਂ ਸੋਧਾਂ ਕਰਨ ਦੀ ਤਜਵੀਜ ਹੈ।
‘ਯੂ ਐਸ ਸਿਟੀਜਨਸ਼ਿਪ ਐਕਟ ਆਫ਼ 2021’ ’ਚ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਰਲ ਬਣਾਇਆ ਗਿਆ ਹੈ। ਇਸ ਬਿਲ ਦੇ ਜ਼ਰੀਏ ਹਜ਼ਾਰਾਂ ਪ੍ਰਵਾਸੀਆਂ ਅਤੇ ਹੋਰ ਸਮੂਹਾਂ ਨੂੰ ਨਾਗਰਿਕਤਾ ਮਿਲਣ ਦਾ ਰਾਹ ਸਾਫ਼ ਹੋਵੇਗਾ ਅਤੇ ਅਮਰੀਕਾ ਤੋਂ ਬਾਹਰ ਗ੍ਰੀਨ ਕਾਰਡ ਲਈ ਪਰਵਾਰ ਦੇ ਮੈਂਬਰਾਂ ਨੂੰ ਥੋੜ੍ਹੇ ਸਮੇਂ ਦਾ ਇੰਤਜ਼ਾਰ ਕਰਨਾ ਪਏਗਾ। ਇਸ ਬਿਲ ਵਿਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਆਧੁਨਿਕੀਕਰਨ ਅਤੇ ਰੁਜ਼ਗਾਰ ਅਧਾਰਤ ਗ੍ਰੀਨ ਕਾਰਡਾਂ ਲਈ ਪ੍ਰਤੀ ਦੇਸ਼ ਤੈਅ ਕੀਤੀ ਗਈ ਹੱਦ ਨੂੰ ਖ਼ਤਮ ਕਰਨ ਦੀ ਵੀ ਇਸ ’ਚ ਵਿਵਸਥਾ ਕੀਤੀ ਗਈ ਹੈ। ਇਸ ਨਾਲ ਅਮਰੀਕਾ ਵਿਚ ਹਜ਼ਾਰਾਂ ਭਾਰਤੀ ਆਈ ਟੀ ਪੇਸ਼ੇੇਵਰਾਂ ਨੂੰ ਲਾਭ ਹੋਵੇਗਾ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ, “ਅੱਜ ਰਾਸ਼ਟਰਪਤੀ ਬਾਈਡਨ ਨੇ ਇਕ ਇਮੀਗ੍ਰੇਸ਼ਨ ਬਿਲ ਕਾਂਗਰਸ ਨੂੰ ਭੇਜਿਆ। ਅਮਰੀਕੀ ਸਿਟੀਜਨਸ਼ਿਪ ਐਕਟ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਾਲਾ ਹੈ। ਇਹ ਮਿਹਨਤੀ ਲੋਕਾਂ ਅਤੇ ਦਹਾਕਿਆਂ ਤੋਂ ਇਥੇ ਵਸਦੇ ਲੋਕਾਂ ਨੂੰ ਨਾਗਰਿਕਤਾ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।”
ਸਾਕੀ ਨੇ ਕਿਹਾ ਕਿ ਇਹ ਬਿਲ ਰਾਸਟਰਪਤੀ ਦੀਆਂ ਤਰਜੀਹਾਂ ਨੂੰ ਦਰਸ਼ਾਉਂਦਾ ਹੈ ਜਿਸ ਵਿਚ ਸਰਹੱਦ ਨੂੰ ਜ਼ਿੰਮੇਵਾਰੀ ਨਾਲ ਸੰਭਾਲਣਾ, ਪਰਵਾਰਾਂ ਨੂੰ ਇਕੱਠੇ ਰਖਣਾ, ਸਾਡੀ ਆਰਥਿਕਤਾ ਦਾ ਵਿਕਾਸ ਕਰਨਾ ਅਤੇ ਅਮਰੀਕਾ ਤੋਂ ਪਰਵਾਸ ਦੇ ਮੂਲ ਕਾਰਨਾਂ ਦਾ ਪਤਾ ਲਗਾਉਣਾ ਸ਼ਾਮਲ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਬਿਲ ਅਮਰੀਕਾ ਦੀ ਆਰਥਿਕਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਹਰ ਕਰਮਚਾਰੀ ਸੁਰੱਖਿਅਤ ਰਹੇ। ਇਹ ਬਿਲ ਪ੍ਰਵਾਸੀ ਗੁਆਂਢੀਆਂ, ਸਹਿਕਰਮੀਆਂ, ਸਹਿਯੋਗੀਆਂ, ਕਮਿਊਨਿਟੀ ਆਗੂਆਂ, ਦੋਸਤਾਂ ਅਤੇ ਅਜੀਜ਼ਾਂ ਲਈ ਨਾਗਰਿਕਤਾ ਲਈ ਇਕ ਰਾਹ ਤਿਆਰ ਕਰਦਾ ਹੈ। (ਪੀਟੀਆਈ)