ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡਾ ਐਲਾਨ: 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਵੱਡਾ ਇਕੱਠ

ਏਜੰਸੀ

ਖ਼ਬਰਾਂ, ਪੰਜਾਬ

29 ਜਨਵਰੀ ਦੇ ਰੇਲ ਰੋਕੋ ਪ੍ਰਦਸ਼ਨ ਗੁਰਦਾਸਪੁਰ ਜ਼ਿਲ੍ਹੇ ਵਿਚ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਕਿਸੇ ਕਾਰਗਾਰ ਹੱਲ ਨਿਕਲਣ ਤੱਕ ਚੱਲਣਗੇ

A big announcement by the Kisan Mazdoor Sangharsh Committee regarding the demands: A big gathering will be held by the farmers on January 26

 

ਅੰਮ੍ਰਿਤਸਰ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪੱਧਰੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਦੇ ਚਲਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਮੀਟਿੰਗਾਂ ਦੇ ਦੌਰ ਜੋਸ਼ੋਖਰੋਸ਼ ਨਾਲ ਜਾਰੀ ਹਨ| 

ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿਤੀ ਕਿ ਜ਼ੋਨ ਪੱਧਰੀ ਮੀਟਿੰਗਾਂ ਦੁਆਰਾ ਇਲਾਕੇ ਦੇ ਲੋਕਾਂ ਨੂੰ ਸੰਘਰਸ਼ ਪ੍ਰਤੀ ਜਾਗਰੂਕ ਪ੍ਰੋਗਰਾਮ ਚਲਾ ਕੇ ਵੱਡੀਆਂ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ। 26 ਜਨਵਰੀ ਨੂੰ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਦੇ ਵੱਡੇ ਇੱਕਠ ਕਰਕੇ ਸਰਕਾਰ ਦੀਆ ਲੋਕ ਅਤੇ ਕੁਦਰਤ ਵਿਰੋਧੀ ਨੀਤੀਆਂ ਨੂੰ ਵੰਗਾਰਿਆ ਜਾਵੇਗਾ | ਉਹਨਾ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਲਗਾਤਾਰ ਵਾਅਦਿਆਂ ਤੋਂ ਭੱਜ ਚੁੱਕੀਆਂ ਹਨ ਪਰ ਜਨਤਾ ਸੰਘਰਸ਼ਾਂ ਦੀ ਅਹਿਮੀਅਤ ਨੂੰ ਸਮਝ ਚੁਕੀ ਹੈ| 

ਉਨ੍ਹਾਂ ਜਾਣਕਰੀ ਦਿੱਤੀ ਕਿ ਭਾਰਤ ਮਾਲਾ ਰੋਡ ਪ੍ਰੋਜੈਕਟਾਂ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਤਹਿਤ ਅੰਮ੍ਰਿਤਸਰ-ਊਨਾ ਹਾਈਵੇ ਪ੍ਰੋਜੈਕਟ ਲਈ ਅਮ੍ਰਿਤਸਰ ਤੋਂ 10-12 ਕਿਲੋਮੀਟਰ ਦੂਰੀ ’ਤੇ ਪੈਂਦੇ ਨਵਾਂ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਬਿਨ੍ਹਾਂ ਪੈਸਿਆਂ ਦੀ ਅਦਾਇਗੀ ਕੀਤੇ ਸਰਕਾਰ ਵੱਲੋਂ ਧੱਕੇ ਨਾਲ ਕਬਜ਼ਾ ਲੈਣ ਦੀ ਕੋਸ਼ਿਸ਼ ਦੇ ਚੱਲਦੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਇਹ ਗੱਲ ਚੰਗੀ ਤਰਾਂ ਸਮਝ ਲਵੇ ਕਿ ਕਿਸੇ ਵੀ ਹਾਲਤ ਵਿਚ ਪੂਰੇ ਪ੍ਰੋਜੈਕਟ ’ਤੇ ਬਿਨ੍ਹਾਂ ਰਕਮ ਅਦਾਇਗੀ ਅਤੇ ਕਿਸਾਨਾਂ ਦੀ ਸਹਿਮਤੀ ਜ਼ਮੀਨ ਐਕੁਆਇਰ ਨਹੀਂ ਕਰਨ ਦਿਤੀ ਜਾਵੇਗੀ |

ਉਨ੍ਹਾਂ ਕਿਹਾ ਕਿ ਅਸੀਂ ਸੜਕ ਨਿਰਮਾਣ ਦੇ ਖਿਲਾਫ ਨਹੀਂ ਪਰ ਕਿਸਾਨਾਂ ਨੂੰ ਮਲਟੀ-ਕਰੌਪ ਜ਼ਮੀਨਾਂ ਦਾ ਵਾਜਿਬ ਤੇ ਇਕਸਾਰ ਮੁੱਲ ਮਿਲਣਾ ਚਾਹੀਦਾ ਹੈ ਅਤੇ ਰੋਡ ਨਾਲ ਸੰਬੰਧਿਤ ਹੋਰ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ 29 ਜਨਵਰੀ ਦੇ ਰੇਲ ਰੋਕੋ ਪ੍ਰਦਸ਼ਨ ਗੁਰਦਾਸਪੁਰ ਜ਼ਿਲ੍ਹੇ ਵਿਚ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਕਿਸੇ ਕਾਰਗਾਰ ਹੱਲ ਨਿਕਲਣ ਤੱਕ ਚੱਲਣਗੇ|

ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜ਼ਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ,ਗੁਰਭੇਜ ਸਿੰਘ ਝੰਡੇ, ਕਵਲਜੀਤ ਸਿੰਘ ਵੰਨਚਿੜੀ, ਗੁਰਪਾਲ ਸਿੰਘ ਮੱਖਣਵਿੰਡੀ ,ਮੇਜ਼ਰ ਸਿੰਘ ਅਬਦੁਲ, ਵਰਿੰਦਰ ਸਿੰਘ ਕੱਥੂਨੰਗਲ, ਸੁਖਦੇਵ ਸਿੰਘ ਕਾਜੀਕੋਟ, ਆਗੂ ਹਾਜ਼ਰ ਰਹੇ।