ਕੀ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਲਈ ਨਿਵੇਸ਼ ਕਰਨਾ ਗ਼ਲਤ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮੇਰੀ ਬਦਲੀ ਦਾ ਅਸਲ ਕਾਰਨ ਸਰਕਾਰ ਦੇ ਪ੍ਰਚਾਰ ਖਰਚੇ ਨੂੰ ਪਾਸ ਨਾ ਕਰਨਾ ਹੈ'

CM Bhagwant mann

 

ਚੰਡੀਗੜ੍ਹ - ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 1 ਸਾਲ ਪੂਰਾ ਹੋਣ ਵਾਲਾ ਹੈ ਤੇ ਇਸ ਦੌਰਾਨ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਕਈਆਂ 'ਤੇ ਨਕੇਲ ਕੱਸੀ ਹੈ। ਇਸੇ ਦੌਰਾਨ ਪੰਜਾਬ ਦੇ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ 'ਤੇ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਅਜੋਏ ਸ਼ਰਮਾ ਆਪਣੇ ਅਕਸ ਨੂੰ ਸਾਫ਼ ਕਰਨ ਲਈ ਮੀਡੀਆ 'ਚ ਆਪਣਾ ਪੱਖ ਰੱਖ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਬਦਲੀ ਦਾ ਅਸਲ ਕਾਰਨ ਸਰਕਾਰ ਦੇ ਪ੍ਰਚਾਰ ਖਰਚੇ ਨੂੰ ਪਾਸ ਨਾ ਕਰਨਾ ਹੈ।  ਦੇਖਿਆ ਜਾਵੇ ਤਾਂ ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਤਾਂ ਸਰਕਾਰ 'ਤੇ ਪ੍ਰਚਾਰ ਖਰਚੇ ਨੂੰ ਲੈ ਕੇ ਸਵਾਲ ਵੀ ਖੜ੍ਹੇ ਹੋਏ ਸਨ। ਦੂਜੇ ਪਾਸੇ 'ਆਪ' ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ ਤਾਂ ਬੇਸ਼ੱਕ ਉਹਨਾਂ ਨੇ ਪੈਸਾ ਖਰਚ ਕੀਤਾ ਹੈ ਪਰ ਪੰਜਾਬ ਵਿਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ ਤੇ ਲੋਕ ਵੀ ਖੁਸ਼ ਹਨ। 

ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਦੀਆਂ ਸਰਕਾਰਾਂ ਨੂੰ ਦੇਖਿਆ ਜਾਵੇ ਤਾਂ ਉਸ ਸਮੇਂ ਤਾਂ ਸਭ ਦਾ ਆਪਸੀ ਏਕਾਧਿਕਾਰ ਬਣਾਇਆ ਹੋਇਆ ਸੀ ਤੇ ਉਸ ਸਮੇਂ ਸਿਰਫ਼ ਅਪਣੇ ਹੀ ਖਜ਼ਾਨੇ ਭਰੇ ਗਏ ਸਨ। ਜੇ ਗੱਲ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਉਦੋਂ ਸਿਰਫ਼ ਇਕ ਪਰਿਵਾਰ ਨੂੰ ਹੀ ਫਾਇਦਾ ਪਹੁੰਚਿਆ ਗਿਆ ਸੀ ਪਰ 'ਆਪ' ਸਰਕਾਰ ਨੇ ਜੇ ਪੈਸਾ ਖਰਚ ਕੀਤਾ ਵੀ ਹੈ ਤਾਂ ਉਹ ਸਿਰਫ਼ ਪੰਜਾਬ ਦੀ ਜਨਤਾ ਲਈ ਹੀ ਕੀਤਾ ਹੈ ਤੇ ਜੇ ਭ੍ਰਿਸ਼ਟਾਚਾਰ 'ਤੇ ਨਕੇਲ ਕੱਸ ਕੇ ਪੈਸੇ ਕਮਾਏ ਜਾ ਰਹੇ ਹਨ ਤਾਂ ਉਹ ਵੀ ਪੰਜਾਬ ਦੇ ਖ਼ਜਾਨੇ ਵਿਚ ਹੀ ਜਾ ਰਹੇ ਹਨ ਜੋ ਕਿ ਲੋਕਾਂ ਦਾ ਹੀ ਹੈ। ਜੇਕਰ ਭ੍ਰਿਸ਼ਟ ਅਫ਼ਸਰ ਸੂਬੇ ਵਿਚ ਨਹੀਂ ਰਹਿਣਗੇ ਤਾਂ ਹੀ ਸੂਬਾ ਤਰੱਕੀ ਕਰੇਗਾ। 

ਉਧਰ ਜੇ ਬਾਹਰਲੇ ਸੂਬਿਆਂ ਵਿਚ ਨਿਵੇਸ਼ ਕਰ ਕੇ ਪੰਜਾਬ ਦਾ ਭਲਾ ਹੁੰਦਾ ਹੈ ਅਤੇ 'ਆਪ' ਸਰਕਾਰ ਵਲੋਂ ਵੀ ਪੰਜਾਬ ਤੋਂ ਬਾਹਰ ਨਿਵੇਸ਼ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਵਿਚ ਕੋਈ ਹਰਜ਼ ਨਹੀਂ। ਇਹ ਬਿਲਕੁਲ ਸਪਸ਼ਟ ਹੈ ਕਿ ਕੋਈ ਵੀ ਸੂਬਾ ਸਰਕਾਰ ਆਪਣੀ ਜਨਤਾ ਅਤੇ ਸੂਬੇ ਦੀ ਤਰੱਕੀ ਲਈ ਹਰ ਹੀਲਾ ਕਰਦੀ ਹੈ ਫਿਰ ਭਾਵੇਂ ਉਹ ਹੋਰਨਾਂ ਸੂਬਿਆਂ ਵਿਚ ਜਾਂ ਹੋਰਨਾਂ ਦੇਸ਼ਾਂ ਵਿਚ ਨਿਵੇਸ਼ ਦੀ ਗੱਲ ਹੀ ਕਿਉਂ ਨਾ ਹੋਵੇ।