ਚੰਡੀਗੜ੍ਹ ਚੋਣਾਂ 'ਚ ਹੰਗਾਮਾ 'ਤੇ ਭਾਜਪਾ ਕੌਂਸਲਰ ਦਾ ਦਾਅਵਾ, ਕਿਹਾ- ਕਾਂਗਰਸੀ ਮੇਅਰ ਉਮੀਦਵਾਰ ਨੇ ਮੈਸਜ ਕਰ ਕੇ ਬੁਲਾਇਆ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਕੌਂਸਲਰ ਨੇ ਚੈਟ ਵਾਲਾ ਸਕਰੀਨ ਸ਼ਾਰਟ ਵੀ ਸ਼ੇਅਰ ਕੀਤਾ ਹੈ ਜਿਸ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ 

Jasmanpreet Singh

ਚੰਡੀਗੜ੍ਹ - ਚੰਡੀਗੜ੍ਹ ਨਗਰ ਨਿਗਮ 'ਚ 16 ਜਨਵਰੀ ਨੂੰ ਕਾਂਗਰਸੀ ਕੌਂਸਲਰ ਜਸਵੀਰ ਬੰਟੀ ਦੀ ਨਾਮਜ਼ਦਗੀ ਵਾਪਸ ਲੈਣ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਂਸਲਰ ਜਸਮਨ ਪ੍ਰੀਤ ਸਿੰਘ ਨੇ ਆਪਣੇ ਮੋਬਾਈਲ ਦਾ ਸਕਰੀਨ ਸ਼ਾਟ ਜਾਰੀ ਕੀਤਾ ਹੈ। ਉਸ ਨੇ ਦੱਸਿਆ ਕਿ ਜਸਵੀਰ ਬੰਟੀ ਨੇ ਉਸ ਨੂੰ ਸੁਨੇਹਾ ਭੇਜ ਕੇ ਨਗਰ ਨਿਗਮ ਦਫ਼ਤਰ ਬੁਲਾਇਆ ਸੀ।  

ਉਸ ਨੇ ਕਿਹਾ ਸੀ ਕਿ ਮਿਲਣ ਲਈ ਜ਼ਬਰਦਸਤੀ ਕਰ ਲੈਣਾ, ਉਨ੍ਹਾਂ ਨੂੰ ਇੱਥੇ ਆ ਕੇ ਬਚਾ ਲੈਣ। ਬੰਟੀ ਦੇ ਕਹਿਣ ’ਤੇ ਉਹ ਪਾਰਟੀ ਆਗੂਆਂ ਤੇ ਵਰਕਰਾਂ ਸਮੇਤ ਉਥੇ ਪੁੱਜੇ ਸਨ ਪਰ ਪੰਜਾਬ ਪੁਲਿਸ ਦੇ ਮੁਲਾਜ਼ਮ ਉਥੇ ਮੌਜੂਦ ਸਨ। ਉਸ ਨੂੰ ਬੰਟੀ ਨੂੰ ਮਿਲਣ ਤੋਂ ਰੋਕਿਆ ਸੀ। ਇਸ ਕਾਰਨ ਉਥੇ ਹੰਗਾਮਾ ਹੋ ਗਿਆ। ਜਸਵੀਰ ਬੰਟੀ ਦੇ ਪਿਤਾ ਭਾਗ ਸਿੰਘ ਨੇ ਉਸ ਦੇ ਪੁੱਤਰ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਸੀ।

 

ਉਨ੍ਹਾਂ ਕਿਹਾ ਸੀ ਕਿ ਕਾਂਗਰਸ ਨੇ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰ ਲਿਆ ਹੈ। ਇਸ ’ਤੇ ਉਸ ਨੇ ਮੌਕੇ ਤੋਂ ਚੰਡੀਗੜ੍ਹ ਪੁਲਿਸ ਨੂੰ ਬੁਲਾਇਆ। ਚੰਡੀਗੜ੍ਹ ਦੇ ਐਸਐਸਪੀ ਨੇ ਮੌਕੇ ’ਤੇ ਪਹੁੰਚ ਕੇ ਜਸਵੀਰ ਬੰਟੀ ਨੂੰ ਉਸ ਦੇ ਪਿਤਾ ਨਾਲ ਘਰ ਭੇਜ ਦਿੱਤਾ ਅਤੇ ਉਸ ਨੂੰ 18 ਜਨਵਰੀ ਤੱਕ ਚੰਡੀਗੜ੍ਹ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ। 
ਜ਼ਿਕਰਯੋਗ ਹੈ ਕਿ 'ਆਪ'-ਕਾਂਗਰਸ ਗਠਜੋੜ ਦੇ ਮੇਅਰ ਅਹੁਦੇ ਦੇ ਉਮੀਦਵਾਰ ਅਤੇ 'ਆਪ' ਕੌਂਸਲਰ ਕੁਲਦੀਪ ਟੀਟਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਚੋਣਾਂ ਰੱਦ ਹੋਣ ਤੋਂ ਤੁਰੰਤ ਬਾਅਦ 18 ਜਨਵਰੀ ਨੂੰ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ।