ਅਧਿਆਪਕ ਵਿਰੁਧ ਤੀਜੀ ਜਮਾਤ ਦੇ ਬੱਚੇ ਨਾਲ ਕੁੱਟਮਾਰ ਕਰਨ ਦੀ ਸ਼ਿਕਾਇਤ ਦਰਜ
ਸਾਡਾ ਬੱਚਾ ਸਹਿਮ ਵਿੱਚ ਹੈ ਅਤੇ ਸਕੂਲ ਹੀ ਨਹੀਂ ਜਾਣਾ ਚਾਹੁੰਦਾ : ਮਾਪੇ
ਤਰਨਤਾਰਨ : ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਬੇਗੇਪੁਰ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਟੀਚਰ ਵੱਲੋਂ ਤੀਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰੀਬ ਅੱਠ ਸਾਲਾ ਬੱਚੇ ਰਮਨਜੀਤ ਸਿੰਘ ਦੀ ਮਾਤਾ ਰੁਪਿੰਦਰ ਕੌਰ ਨੇ ਕਥਿਤ ਤੌਰ ਤੇ ਦੱਸਿਆ ਕਿ ਉਹਨਾਂ ਦੇ ਬੱਚੇ ਦੀ ਪਹਿਲਾਂ ਵੀ ਕੁੱਟਮਾਰ ਕੀਤੀ ਗਈ ਪਰ ਹੁਣ ਤਾਂ ਅਖੀਰ ਹੀ ਕਰ ਦਿੱਤੀ ਗਈ ਬੱਚੇ ਦੇ ਮੂੰਹ ਉੱਪਰ ਨਿਸ਼ਾਨ ਪਾ ਦਿੱਤੇ ਗਏ ਉਹਨਾਂ ਕਿਹਾ, ‘‘ਹੁਣ ਸਾਡਾ ਬੱਚਾ ਸਹਿਮ ਵਿੱਚ ਹੈ ਅਤੇ ਸਕੂਲ ਹੀ ਨਹੀਂ ਜਾਣਾ ਚਾਹੁੰਦਾ।’’
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਕੱਚਾ ਪੱਕਾ ਵਿਖੇ ਦੇ ਦਿੱਤੀ ਗਈ ਹੈ ਅਤੇ ਬਾਲ ਸੁਰੱਖਿਆ ਅਫਸਰ ਦੇ ਅਧਿਕਾਰੀ ਰਾਜੇਸ਼ ਕੁਮਾਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਸਾਨੂੰ ਇਨਸਾਫ ਦਵਾਉਣ ਦਾ ਭਰੋਸਾ ਦਵਾਇਆ ਗਿਆ ਹੈ। ਇਸ ਸਬੰਧੀ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦੇ ਸਪੋਰਟਸ ਸੈੱਲ ਦੇ ਚੇਅਰਮੈਨ ਗੁਰਭੇਜ ਸਿੰਘ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣਗੇ ਅਤੇ ਧਰਨਾ ਪ੍ਰਦਰਸ਼ਨ ਵੀ ਕਰਨਗੇ।
ਇਸ ਸਬੰਧੀ ਜਦੋਂ ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੇ ਪ੍ਰਿੰਸੀਪਲ ਰਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਚਪੇਟ ਤਾਂ ਵੱਜੀ ਹੈ ਪਰ ਉਸ ਦੇ ਮੂੰਹ ਉੱਪਰ ਪਏ ਨਿਸ਼ਾਨ ਉਸ ਚਪੇੜ ਦੇ ਹਨ ਜਾਂ ਕਿਸੇ ਹੋਰ ਚੀਜ਼ ਦੇ ਇਹ ਅਸੀਂ ਤਸਦੀਕ ਕਰ ਰਹੇ ਹਾਂ ਤੇ ਅਤੇ ਕੱਲ ਨੂੰ ਥਾਣੇ ਵਿੱਚ ਫੈਸਲਾ ਹੈ ਅਤੇ ਇਸ ਸਬੰਧੀ ਸਬੰਧਤ ਟੀਚਰ ਵੀ ਮਾਫੀ ਮੰਗ ਚੁੱਕੀ ਹੈ
ਬਾਲ ਸੁਰੱਖਿਆ ਅਫਸਰ ਰਾਜੇਸ ਕੁਮਾਰ ਨੇ ਕਿਹਾ ਕਿ 0 ਤੋਂ ਲੈ ਕੇ 18 ਸਾਲ ਦੇ ਬੱਚੇ ਤੱਕ ਕਿਸੇ ਕਿਸਮ ਦੀ ਕੁੱਟਮਾਰ ਕਰਨੀ ਜਾਂ ਥੱਪੜ ਮਾਰਨਾ ਕਨੂੰਨੀ ਅਪਰਾਧ ਹੈ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਨਿਯਮਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੀੜਤ ਆਧਾਰ ਦਾ ਕੱਲ ਨੂੰ ਥਾਣੇ ਵਿੱਚ ਫੈਸਲਾ ਹੈ ਅਤੇ ਜੋ ਵੀ ਰਿਪੋਰਟ ਉਹਨਾਂ ਨੂੰ ਥਾਣੇ ਵੱਲੋਂ ਮਿਲਦੀ ਹੈ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।