Jagjit Singh Dallewal: ਟ੍ਰੇਨਰ ਡਾਕਟਰ ਵਲੋਂ ਡੱਲੇਵਾਲ ਨੂੰ ਡ੍ਰਿਪ ਲਗਾਉਣ 'ਤੇ ਸਿਹਤ ਮੰਤਰੀ ਨੂੰ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jagjit Singh Dallewal : ਜਾਂ ਤਾਂ ਜ਼ਿੰਮੇਵਾਰ ਡਾਕਟਰ ਦਿਓ, ਨਹੀਂ ਅਸੀਂ ਆਪਣੇ ਆਪ ਪ੍ਰਬੰਧ ਕਰ ਲਵਾਂਗੇ-ਕਾਕਾ ਸਿੰਘ ਕੋਟੜਾ

Jagjit Singh Dallewal hunger strike News in punjabi

ਬੀਤੀ ਰਾਤ ਖਨੌਰੀ ਬਾਰਡਰ ਤੇ ਇਕ ਅਜੀਬ ਜਿਹੀ ਘਟਨਾ ਵਾਪਰੀ। ਜਦੋਂ ਮਾਹਰ ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਡ੍ਰਿਪ ਲਗਾਉਣ ਲਈ ਇਕ ਟ੍ਰੇਨਰ ਡਾਕਟਰ ਨੂੰ ਭੇਜ ਦਿੱਤਾ।  ਜਿਵੇਂ ਹੀ ਡ੍ਰਿਪ ਲਗਾਈ ਗਈ ਤਾਂ ਡੱਲੇਵਾਲ ਨੂੰ ਦਰਦ ਮਹਿਸੂਸ ਹੋਇਆ। ਇਸ ਦਾ ਨੋਟਿਸ ਲੈਂਦਿਆਂ ਕਿਸਾਨ ਆਗੂਆਂ ਨੇ ਇਸ ਦੀ ਸ਼ਿਕਾਇਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਸਰਕਾਰ ਚੰਗੇ ਡਾਕਟਰਾਂ ਦਾ ਪ੍ਰਬੰਧ ਨਹੀਂ ਕਰ ਸਕਦੀ ਤਾਂ ਉਹ ਆਪਣੇ ਆਪ ਪ੍ਰਾਈਵੇਟ ਡਾਕਟਰਾਂ ਦਾ ਪ੍ਰਬੰਧ ਕਰ ਲੈਣਗੇ। ਇਸ ਸਬੰਧੀ ਕਾਕਾ ਸਿੰਘ ਕੋਟੜਾ ਨੇ ਟ੍ਰੇਨਰ ਡਾਕਟਰ ਵਲੋਂ ਜਗਜੀਤ ਡੱਲੇਵਾਲ ਨੂੰ ਡ੍ਰਿਪ ਲਾਉਣ ਵਾਲੀ ਰਾਤ ਦੀ ਸਾਰੀ ਘਟਨਾ ਦੱਸੀ।

ਉਨ੍ਹਾਂ ਕਿਹਾ ਕਿ ਪਹਿਲਾਂ ਉੱਕਤ ਟ੍ਰੇਨਰ ਨੇ ਡੱਲੇਵਾਲ ਨੂੰ ਛੋਟੀ ਡ੍ਰਿਪ ਲਗਾਈ ਸੀ ਜੋ ਅੱਧੇ ਘੰਟੇ ਤੱਕ ਸਮਾਪਤ ਕਰਨੀ ਹੁੰਦੀ ਹੈ ਪਰ ਉੱਕਤ ਟ੍ਰੇਨਿੰਗ ਡਾਕਟਰ ਨੇ ਡ੍ਰਿਪ ਬਹੁਤ ਹੌਲੀ ਲਗਾ ਦਿੱਤੀ ਫਿਰ ਉਸ ਨੂੰ ਵਧਾ ਦਿੱਤਾ। ਡ੍ਰਿਪ ਵਧਾਉਣ ਨਾਲ ਡੱਲੇਵਾਲ ਦੇ ਦਰਦ ਹੋਣ ਲੱਗ ਪਿਆ। ਉਨ੍ਹਾਂ ਦੀ ਬਾਂਹ ਸੁੱਜ ਗਈ ਸੀ।

ਫਿਰ ਉਨ੍ਹਾਂ ਨੇ ਉਸ ਨੂੰ ਘਟਾਉਣ ਲਈ ਕਿਹਾ। ਇਸ ਤੋਂ ਬਾਅਦ ਉੱਕਤ ਟ੍ਰੇਨਰ ਘਬਰਾ ਗਿਆ ਜਦ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬਾਕੀ ਡਾਕਟਰ ਸੁੱਤੇ ਪਏ ਹਨ ਤੇ ਮੈਂ ਟ੍ਰੇਨਿੰਗ 'ਤੇ ਹਾਂ। ਇਸ ਤੋਂ ਬਾਅਦ ਡੱਲੇਵਾਲ ਨੇ ਉਸ ਨੂੰ ਡ੍ਰਿਪ ਲਗਾਉਣ ਤੋਂ ਮਨ੍ਹਾ ਕਰ ਦਿੱਤਾ।

ਕਾਕਾ ਕੋਟੜਾ ਨੇ ਕਿਹਾ ਕਿ ਇਹ ਬਹੁਤ  ਵੱਡੀ ਅਣਗਹਿਲੀ ਹੈ। ਇਨ੍ਹਾਂ ਨੇ ਵਾਅਦਾ ਚੰਗੀ ਡਾਕਟਰੀ ਟੀਮ ਦਾ ਕੀਤਾ ਸੀ ਪਰ ਇਹ ਤਾਂ ਮਾਰਨ ਵਾਲੇ ਕੰਮ ਕਰ ਰਹੇ ਹਨ। ਜਿਵੇਂ ਹੀ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਸਵੇਰ ਸਾਰ ਹੀ ਖਨੌਰੀ ਪਹੁੰਚ ਗਏ ਤੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਅਜਿਹੀ ਕੋਈ ਅਣਗਹਿਲੀ ਨਹੀਂ ਹੋਵੇਗੀ।