ਘੱਗਰ ਦਰਿਆ ਦਾ ਜ਼ਹਿਰੀਲਾ ਪਾਣੀ ਹੁਣ ਲੋਕਾਂ ਦੇ ਪੀਣ ਵਾਲੇ ਪਾਣੀ ’ਚ ਘੁਲਣ ਲੱਗਿਆ
ਲੋਕ ਬੇਹੱਦ ਪਰੇਸ਼ਾਨ, ਲੱਗ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ
ਪੰਜਾਬ ਵਿਚ ਕਿਹਾ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਿਸ ਦਾ ਮਤਲਬ ਹੈ ਕਿ ਪਵਨ ਨੂੰ ਅਸੀਂ ਗੁਰੂ, ਪਾਣੀ ਨੂੰ ਪਿਤਾ ਤੇ ਧਰਮੀ ਨੂੰ ਅਸੀਂ ਮਾਤਾ ਮੰਨਦੇ ਹਾਂ। ਪਰ ਜੇ ਅਸੀਂ ਦੇਖੀਏ ਤਾਂ ਪੰਜਾਬ ਵਿਚ ਕਈਂ ਥਾਵਾਂ ’ਤੇ ਪਾਣੀ ਗੰਧਲਾ ਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਕਈ ਸੂਬਿਆਂ ਵਿਚ ਲੋਕਾਂ ਨੂੰ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਘੱਗਰ ਦਰਿਆ ਦੇ ਨੇੜਲੇ ਪਿੰਡਾਂ ਵਿਚ ਪਹੁੰਚੀ ਜਿਥੇ ਲੋਕਾਂ ਨੇ ਦਸਿਆ ਕਿ ਕਿਸੇ ਟਾਈਮ ਘੱਗਰ ਦਰਿਆ ਵਿਚ ਸਾਡੀਆਂ ਮੱਝਾਂ-ਗਾਵਾਂ ਨਾਹੁੰਦੀਆਂ ਤੇ ਪਾਣੀ ਪੀਦੀਆਂ ਹੁੰਦੀਆਂ ਸਨ, ਅਸੀਂ ਵੀ ਘੱਗਰ ਦਰਿਆ ਵਿਚ ਨਾਹੁੰਦੇ ਕਪੜੇ ਧੋਦੇ ਤੇ ਪੀਣ ਲਈ ਵਰਤਦੇ ਸਨ ਪਰ ਹੁਣ ਘੱਗਰ ਦਰਆ ਵਿਚ ਫ਼ੈਕਟਰੀਆਂ ਦਾ ਕੈਮੀਕਲ ਮਿਲਣ ਨਾਲ ਪਾਣੀ ਇੰਨਾ ਜ਼ਹਿਰੀਲਾ ਹੋ ਗਿਆ ਹੈ ਕਿ ਸਾਨੂੰ ਤਰ੍ਹਾਂ-ਤਰ੍ਹਾਂ ਦੀ ਬੀਮਾਰੀਆਂ ਨੇ ਘੇਰ ਲਿਆ ਹੈ ਤੇ ਸਾਡੀ ਪੀੜ੍ਹੀ ਖ਼ਤਮ ਹੋਣ ਦੀ ਕਗਾਰ ’ਤੇ ਹੈ।
ਪਿੰਡ ਮਾੜੂ ’ਚ ਰਹਿਣ ਵਾਲੇ ਕੁਲਦੀਪ ਸਿੰਘ ਨੇ ਕਿਹਾ ਕਿ 10-12 ਸਾਲਾਂ ਤੋਂ ਘੱਗਰ ਦਰਿਆ ਦਾ ਪਾਣੀ ਬਹੁਤ ਖ਼ਰਾਬ ਹੋ ਚੁੱਕਾ ਹੈ ਜੋ ਸਾਡੇ ਬੋਰਾਂ ਥੱਲੇ ਵੀ ਜਾਂਦਾ ਹੈ ਤੇ ਅਸੀਂ ਪੀਣ ਲਈ ਵੀ ਇਹੋ ਪਾਣੀ ਵਰਤਦੇ ਹਾਂ, ਜਿਸ ਵਿਚੋਂ ਬਦਬੂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਿਆਦਾਤਰ ਲੋਕ ਟੁੱਟੀ ਵਾਲਾ ਪਾਣੀ ਵਰਤਦੇ ਹਨ ਕਿਉਂ ਕਿ ਉਹ ਡੂੰਘੇ ਬੋਰ ਹਨ ਜਿਸ ਕਰ ਕੇ ਉਹ ਪਾਣੀ ਪੀਣ ਲਾਇਕ ਹੈ ਪਰ ਉਪਰ ਵਾਲਾ ਪਾਣੀ ਪੀਣਯੋਗ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਘਰਾਂ ਵਿਚ ਬੋਰ ਨੇ ਉਹ 65 ਤੋਂ 70 ਫ਼ੁੱਟ ਤਕ ਹਨ ਜੋ ਕੇ ਪੀਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਕੋਈ ਮੁਲਾਜ਼ਮ ਇਥੇ ਪਾਣੀ ਨਾ ਤਾਂ ਚੈੱਕ ਕਰਨ ਆਇਆ ਤੇ ਨਾ ਹੀ ਕੋਈ ਸੈਂਪਲ ਲੈਣ ਆਇਆ। ਪਿੰਡ ਦੇ ਇਕ ਹੋਰ ਨੌਜਵਾਨ ਦਲਬੀਰ ਸਿੰਘ ਨੇ ਕਿਹਾ ਕਿ ਸਾਡਾ ਘਰ ਘੱਗਰ ਦੇ ਬਿਲਕੁਲ ਨੇੜੇ ਹੈ ਤੇ ਹੁਣ ਘੱਗਰ ਵਿਚ ਜਿਹੜਾ ਪਾਣੀ ਆ ਰਿਹਾ ਹੈ ਉਸ ਵਿਚ ਫ਼ੈਕਟਰੀਆਂ ਦਾ ਕੈਮੀਕਲ ਘੁੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਬੋਰਾਂ ਤੇ ਘੱਗਰ ਦਾ ਪਾਣੀ ਇਕ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਇਸੇ ਪਾਣੀ ਨਾਹੁੰਦੇ ਹਾਂ ਤੇ ਪੀਂਦੇ ਹਾਂ ਜਿਸ ਨਾਲ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਚਮੜੀ ਦਾ ਰੋਗ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਈ ਸਾਰ ਨਹੀਂ ਲੈਂਦਾ ਜਿਸ ਕਰ ਕੇ ਅਸੀਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਘੱਗਰ ਨੇੜੇ ਘਰ ਹੋਣ ਕਰ ਕੇ ਬੜੀ ਗੰਡੀ ਬਦਬੂ ਆਉਂਦੀ ਹੈ ਜਿਸ ਕਰ ਕੇ ਸਾਡਾ ਰਹਿਣਾ ਵੀ ਔਖਾ ਹੋਇਆ ਪਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਚੰਗਾ ਪਾਣੀ ਮੁਹਈਆ ਕਰਵਾਇਆ ਜਾਵੇ ਤਾਂ ਜੋ ਅਸੀਂ ਬੀਮਾਰੀਆਂ ਤੋਂ ਬਚ ਸਕੀਏ। ਉਨ੍ਹਾਂ ਕਿਹਾ ਕਿ ਅੱਜ ਤਕ ਸਾਡੇ ਇਲਾਕੇ ਦੀ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਬੀਮਾਰੀਆਂ ਤੋਂ ਬਚ ਸਕੇ। ਇਕ ਮਾਤਾ ਜੀ ਨੇ ਦਸਿਆ ਕਿ ਪਹਿਲਾਂ ਅਸੀਂ ਇਸੇ ਪਾਣੀ ਨੂੰ ਪੀਂਦੇ ਸੀ ਨਾਹੁੰਦੇ ਸੀ, ਹਰ ਕੰਮ ਵਿਚ ਇਸੇ ਪਾਣੀ ਇਸਤੇਮਾਲ ਕਰਦੇ ਸੀ ਪਰ ਹੁਣ ਘੱਗਰ ’ਚ ਫ਼ੈਕਟਰੀਆਂ ਦਾ ਕੈਮੀਕਲ ਮਿਲਣ ਕਾਰਨ ਇਹ ਪਾਣੀ ਪੀਣਯੋਗ ਨਹੀਂ ਰਿਹਾ।
ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਤਾਂ ਸਾਰੇ ਵੋਟਾਂ ਮੰਗਣ ਆ ਜਾਂਦੇ ਹਨ ਪਰ ਬਾਅਦ ਵਿਚ ਕੋਈ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਘੱਗਰ ਨਾਲ ਤਾਂ ਕਈ ਪਿੰਡ ਜੁੜਦੇ ਹਨ ਜਿਨ੍ਹਾਂ ਵਿਚ ਕਈ ਤਰ੍ਹਾਂ ਦੀ ਬੀਮਾਰੀਆਂ ਫ਼ੈਲ ਰਹੀਆਂ ਹਨ। ਪਿੰਡ ਦੇ ਇਕ ਹੋਰ ਨੌਜਵਾਨ ਨੇ ਕਿਹਾ ਕਿ ਅਸੀਂ ਇਸ ਪਾਣੀ ਨੂੰ ਉਬਾਲ ਕੇ ਪੀਂਦੇ ਹਨ ਪਰ ਜੇ ਕਦੇ ਭੁੱਲ ਭੁਲੇਖੇ ਇਹ ਪਾਣੀ ਪੀ ਲਈਏ ਤਾਂ ਸਾਨੂੰ ਉਲਟੀਆਂ ਲੱਗ ਜਾਂਦੀਆਂ ਹਨ, ਪੇਟ ਦੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਇਹ ਪਾਣੀ ਪੀ ਲੈਂਦੇ ਹਨ ਜੋ ਜ਼ਿਆਦਾ ਬੀਮਾਰ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਡੰਗਰਾਂ ’ਤੇ ਇਸ ਪਾਣੀ ਨਾਲ ਬਹੁਤ ਅਸਰ ਪੈਂਦਾ ਹੈ ਉਨ੍ਹਾਂ ਕਿਹਾ ਕਿ ਜਿਹੜਾ ਪਸ਼ੂ ਬਾਹਰ 15 ਲੀਟਰ ਦੁੱਧ ਦਿੰਦਾ ਹੈ ਉਹ ਸਾਡੇ ਪਿੰਡ ਆ ਕੇ 5 ਤੋਂ 6 ਲੀਟਰ ਤਕ ਹੀ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 20 ਤੋਂ 30 ਸਾਲ ਪਹਿਲਾਂ ਘੱਗਰ ਦਾ ਪਾਣੀ ਪੀਣ ਲਾਇਕ ਸੀ ਪਰ ਹੁਣ ਨਹੀਂ।
ਉਨ੍ਹਾਂ ਕਿਹਾ ਕਿ ਪਿੰਡ ਵਿਚ ਆਰਓ ਲੱਗੇ ਹਨ ਪਰ ਟੀਡੀਐਸ ਇੰਨਾ ਜ਼ਿਆਦਾ ਹੈ ਕਿ ਇਕ ਹਫ਼ਤੇ ਵਿਚ ਹੀ ਆਰਓ ਬੰਦ ਹੋ ਜਾਂਦੇ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਜਿੰਨੀਆਂ ਸਰਕਾਰਾਂ ਆਈਆਂ ਸੱਭ ਨੂੰ ਕਹਿ ਕੇ ਹਾਰ ਗਏ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਘੱਗਰ ਦੇ ਪਾਣੀ ਨੇ ਘੱਟੋ ਘੱਟ 50 ਪਿੰਡਾਂ ’ਤੇ ਮਾਰ ਪਾਈ ਹੈ। ਪਿੰਡ ਦੇ ਇਕ ਹੋਰ ਬਜ਼ੁਰਗ ਨੇ ਕਿਹਾ ਕਿ ਘੱਗਰ ਦੇ ਪਾਣੀ ਸਾਨੂੰ ਸਿਰਫ਼ ਦਵਾਈਆਂ ਜੋਗਾ ਹੀ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਦਸ ਸਾਲ ਹੋ ਗਏ ਹਨ ਬਸ ਦਵਾਈਆਂ ’ਤੇ ਹੀ ਚੱਲ ਰਿਹਾ ਹਾਂ। ਉਨ੍ਹਾਂ ਕਿਹਾ ਸਰਕਾਰ ਨੂੰ ਬੇਨਤੀ ਕੀਤੀ ਕਿ ਫ਼ੈਕਟਰੀਆਂ ਦਾ ਪਾਣੀ ਘੱਗਰ ’ਚ ਨਾ ਮਿਲਾ ਕੇ ਕਿਤੇ ਹੋਰ ਸੁੱਟਿਆ ਜਾਵੇ ਤਾਂ ਜੋ ਘੱਗਰ ਦਾ ਪਾਣੀ ਸਾਫ਼ ਹੋ ਸਕੇ। ਉਨ੍ਹਾਂ ਕਿਹਾ ਪਹਿਲਾਂ ਇਹ ਘੱਗਰ ਦਰਿਆ ਹੁੰਦਾ ਸੀ ਪਰ ਹੁਣ ਇਹ ਗੰਦਾ ਨਾਲਾ ਬਣ ਕੇ ਰਹਿ ਗਿਆ ਹੈ।
ਮਨਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿਚ ਆਰਓ ਤਾਂ ਲੱਗੇ ਹੋਏ ਹਨ ਪਰ ਦੋ ਤੋਂ ਤਿੰਨ ਮਹੀਨਿਆਂ ਵਿਚ ਹੀ ਖ਼ਰਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੀਣ ਵਾਲਾ ਪਾਣੀ ਭਰ ਕੇ ਰਖਦੇ ਹਾਂ ਪਰ ਉਸ ’ਚ ਪਤਾ ਨਹੀਂ ਕੀ ਜਮ ਜਾਂਦਾ ਹੈ ਉਹ ਸਾਰਾ ਪੀਲਾ ਹੋ ਜਾਂਦਾ ਹੈ ਜਿਸ ਨੂੰ ਨਾ ਤਾਂ ਅਸੀਂ ਪੀ ਸਕਦੇ ਹਾਂ ਤੇ ਨਾ ਹੀ ਸੁੱਟ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਕਿਸੇ ਦੀ ਕਿਡਨੀ ਖ਼ਰਾਬ ਹੋ ਗਈ, ਕਿਸੇ ਨੂੰ ਕੈਂਸਰ ਹੋ ਗਿਆ ਤੇ ਕਿਸੇ ਨੂੰ ਚਮੜੀ ਦਾ ਰੋਗ ਹੋ ਗਿਆ, ਉਨ੍ਹਾਂ ਕਿਹਾ ਕਿ ਅਸੀਂ ਜਾਈਏ ਤਾਂ ਕਿੱਥੇ ਜਾਈਏ।