ਵਿਕਾਸਪੁਰੀ ਤੇ ਜਨਕਪੁਰੀ ਮਾਮਲੇ ’ਚ ਸੱਜਣ ਕੁਮਾਰ ਨੂੰ ਬਰੀ ਕਰਨਾ ਇਨਸਾਫ਼ ਦਾ ਕਤਲ : ਕਰਨੈਲ ਸਿੰਘ ਪੀਰ ਮੁਹੰਮਦ
ਅਸੀਂ ਹਾਈ ਕੋਰਟ ’ਚ ਫ਼ੈਸਲੇ ਨੂੰ ਦੇਵਾਂਗੇ ਚੁਣੌਤੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਦਿੱਲੀ ਦੇ ਵਿਕਾਸਪੁਰੀ ਅਤੇ ਜਨਕਪੁਰੀ ਇਲਾਕਿਆਂ ਵਿੱਚ ਹੋਏ ਕਤਲਾਂ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ 'ਤੇ ਡੂੰਘੇ ਰੋਸ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਪੀਰ ਮੁਹੰਮਦ ਜਿਨ੍ਹਾਂ ਨੇ ਫੈਡਰੇਸ਼ਨ ਦੇ ਮੁਖੀ ਵਜੋਂ ਦਹਾਕਿਆਂ ਤੱਕ 1984 ਦੇ ਇਨਸਾਫ਼ ਲਈ ਕਾਨੂੰਨੀ ਲੜਾਈ ਲੜੀ ਹੈ, ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਬਰਾਬਰ ਹੈ ਜੋ ਪਿਛਲੇ 41 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸੱਚ ਹੈ ਕਿ ਸੱਜਣ ਕੁਮਾਰ ਨੇ ਭੀੜ ਨੂੰ ਉਕਸਾ ਕੇ ਇਹ ਕਤਲੇਆਮ ਕਰਵਾਇਆ ਸੀ। ਅਜਿਹੇ ਗੰਭੀਰ ਮਾਮਲੇ ਵਿੱਚ ਉਸ ਨੂੰ ਬਰੀ ਕਰਨਾ ਜਾਂਚ ਏਜੰਸੀਆਂ ਦੀ ਢਿੱਲੀ ਪੈਰਵੀ ਅਤੇ ਕਾਰਜਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਪੀਰ ਮੁਹੰਮਦ ਨੇ ਮੰਗ ਕੀਤੀ ਕਿ ਕੇਂਦਰੀ ਜਾਂਚ ਏਜੰਸੀਆਂ ਅਤੇ ਸਰਕਾਰ ਇਸ ਫੈਸਲੇ ਵਿਰੁੱਧ ਤੁਰੰਤ ਉੱਚ ਅਦਾਲਤ ਵਿੱਚ ਸਖ਼ਤ ਅਪੀਲ ਦਾਇਰ ਕਰਨ ਤਾਂ ਜੋ ਦੋਸ਼ੀਆਂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਹਮੇਸ਼ਾ 1984 ਦੇ ਪੀੜਤਾਂ ਦੇ ਹੱਕ ਵਿੱਚ ਖੜ੍ਹਾ ਹੈ ਅਤੇ ਅਸੀਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦੇਖਣ ਤੱਕ ਆਪਣੀ ਲੜਾਈ ਜਾਰੀ ਰੱਖਾਂਗੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੱਕ, ਸਾਡਾ ਇੱਕੋ-ਇੱਕ ਮਕਸਦ 1984 ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਰਿਹਾ ਹੈ। ਅਸੀਂ ਇਸ ਨਾਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਕੌਮ ਦੀ ਆਵਾਜ਼ ਨੂੰ ਹਰ ਮੰਚ 'ਤੇ ਬੁਲੰਦ ਕਰਾਂਗੇ।