ਮੀਟਿੰਗ ਵਿਚ ਤਿੰਨ ਸਿੱਖ ਨੌਜਵਾਨਾਂ ਦੀ ਸਜ਼ਾ ਰੱਦ ਕੀਤੇ ਜਾਣ ਦੀ ਮੰਗ ਕਰਨ ਦਾ ਫ਼ੈਸਲਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਖ-ਵੱਖ ਖੱਬੇ ਪੱਖੀ ਜਮਹੂਰੀ ਅਤੇ ਸਿੱਖ ਸੰਗਠਨਾਂ ਦੀ ਹੋਈ ਸਾਂਝੀ ਮੀਟਿੰਗ ਵਿਚ ਨਵਾਂਸ਼ਹਿਰ  ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ਼ ਕੁੱਝ ਲਿਟਰੇਚਰ ਰੱਖਣ...

Joint Meeting of Democratic and Sikh Organizations

ਲੁਧਿਆਣਾ : ਵੱਖ-ਵੱਖ ਖੱਬੇ ਪੱਖੀ ਜਮਹੂਰੀ ਅਤੇ ਸਿੱਖ ਸੰਗਠਨਾਂ ਦੀ ਹੋਈ ਸਾਂਝੀ ਮੀਟਿੰਗ ਵਿਚ ਨਵਾਂਸ਼ਹਿਰ  ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ਼ ਕੁੱਝ ਲਿਟਰੇਚਰ ਰੱਖਣ ਕਰ ਕੇ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਵਿਰੁਧ ਰਾਜਪਾਲ ਪੰਜਾਬ ਨੂੰ ਮਿਲਣ ਅਤੇ ਇਸ ਸਜ਼ਾ ਨੂੰ ਰੱਦ ਕੀਤੇ ਜਾਣ ਦੀ ਮੰਗ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਸੀ ਪੀ ਆਈ ਐਮ ਐਲ ਲਿਬਰੇਸ਼ਨ, ਸ਼੍ਰੋਮਣੀ ਅਕਾਲੀ ਦਲ ਮਾਨ, ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੰਚ ਪੰਜਾਬ, ਇਨਕਲਾਬੀ ਲੋਕ ਮੋਰਚਾ ਪੰਜਾਬ, ਨੌਜਵਾਨ ਭਾਰਤ ਸਭਾ ਲਲਕਾਰ,

ਪੰਜਾਬ ਮੰਚ, ਏ ਐਫ਼ ਡੀ ਆਰ, ਪੰਜਾਬ ਕਿਸਾਨ ਯੂਨੀਅਨ, ਏ ਆਈ ਪੀ ਐਫ਼, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਸਿੱਖ ਯੂਥ ਫ਼ੈਡਰੇਸ਼ਨ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ,, ਰੈਵੋਲੂਸ਼ਨਰੀ ਸੋਸ਼ਲਿਸ਼ਟ ਪਾਰਟੀ ਅਤੇ ਆਈ ਡੀ ਪੀ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਮੀਟਿੰਗ ਵਿਚ ਮਾਰਚ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵਿਖੇ ਇਕ ਕਨਵੈਨਸ਼ਨ ਕਰ ਕੇ ਰਾਜਪਾਲ ਪੰਜਾਬ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ ਹੈ।

ਮੀਟਿੰਗ ਵਿਚ ਇਹ ਫ਼ੈਸਲਾ ਵੀ ਕੀਤਾ ਗਿਆ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰ ਕੇ ਨਵਾਂਸ਼ਹਿਰ ਸੈਸ਼ਨ ਕੋਰਟ ਦੇ ਉਸ ਜੱਜ ਵਿਰੁਧ ਵੀ ਲੋੜੀਂਦੀ ਕਾਨੂੰਨੀ ਚਾਰਾਜੋਈ ਕੀਤੀ ਜਾਵੇ ਜਿਸ ਨੇ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਸਿਰਫ਼ ਕੁੱਝ ਲਿਟਰੇਚਰ ਰੱਖਣ ਕਰ ਕੇ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਹੈ। ਮੀਟਿੰਗ ਵਿਚ ਇਕ ਕਮੇਟੀ ਵੀ ਕਾਇਮ ਕੀਤੀ ਗਈ ਹੈ ਜਿਸ ਦਾ ਨਾਂਅ 'ਤਿੰਨ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਲਈ ਕਮੇਟੀ' ਰਖਿਆ ਗਿਆ ਹੈ।

ਅੱਜ ਦੀ ਮੀਟਿੰਗ ਦੀ ਕਾਰਵਾਈ ਦਾ ਵੇਰਵਾ ਪ੍ਰੈਸ ਦੇ ਨਾਂਅ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਜਾਰੀ ਕੀਤਾ, ਉਨ੍ਹਾਂ ਨਾਲ ਮਾਲਵਿੰਦਰ ਸਿੰਘ ਮਾਲੀ, ਡਾਕਟਰ ਜਗਜੀਤ ਚੀਮਾ, ਸੀਨੀਅਰ ਪੱਤਰਕਾਰ ਸੁਖਦੇਵ ਸਿੰਘ, ਸਰਦਾਰ ਗੁਰਬਚਨ ਸਿੰਘ,ਜਸਵੰਤ ਜੀਰਖ, ਲੋਕ ਰਾਜ ਮਹਿਰਾਜ, ਰੁਲਦੂ ਸਿੰਘ ਮਾਨਸਾ, ਨਛੱਤਰ ਖੀਵਾ ਆਦਿ ਆਗੂ ਸ਼ਾਮਲ ਸਨ।