ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੇ ਪਾਸਪੋਰਟ ਕੀਤੇ ਜਾਣ ਜ਼ਬਤ : ਮੀਤ ਹੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਦਨ 'ਚ ਬਜਟ 'ਚ ਬਹਿਸ ਦੌਰਾਨ ਬੋਲਦਿਆਂ ਬਰਨਾਲਾ ਤੋਂ 'ਆਪ' ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਬਕਾ...

Meet Hayer

ਚੰਡੀਗੜ੍ਹ : ਸਦਨ 'ਚ ਬਜਟ 'ਚ ਬਹਿਸ ਦੌਰਾਨ ਬੋਲਦਿਆਂ ਬਰਨਾਲਾ ਤੋਂ 'ਆਪ' ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਾਸਪੋਰਟ ਤੁਰਤ ਜ਼ਬਤ ਕਰਨ ਦੀ ਮੰਗ ਕੀਤੀ। ਮੀਤ ਹੇਅਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਨਾਂ 'ਤੇ ਕੁੱਝ ਕਾਂਗਰਸੀ ਵਿਧਾਇਕ, ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕਰ ਰਹੇ ਹਨ,

ਪਰੰਤੂ ਵਲਟੋਹਾ ਦੇ ਨਾਲ-ਨਾਲ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਪਾਸਪੋਰਟ ਵੀ ਤੁਰਤ ਜ਼ਬਤ ਕੀਤਾ ਜਾਵੇ, ਕਿਉਂਕਿ ਜਿਸ ਤਰੀਕੇ ਨਾਲ ਉਹ ਬਚਾਅ ਦੀ ਮੁਦਰਾ 'ਚ ਆਏ ਹੋਏ ਹਨ, ਉਹ ਕਿਸੇ ਵੀ ਸਮੇਂ ਦੇਸ਼ ਛੱਡ ਕੇ ਭੱਜ ਸਕਦੇ ਹਨ।

ਇਸ ਤੋਂ ਬਿਨਾਂ ਮੀਤ ਹੇਅਰ ਨੇ ਸੂਬੇ 'ਚ ਬੇਰੁਜ਼ਗਾਰੀ ਅਤੇ ਖੇਤੀ ਸੰਕਟ 'ਤੇ ਬੋਲਦਿਆਂ ਮੰਗ ਰੱਖੀ ਕਿ 27 ਹਜ਼ਾਰ ਠੇਕਾ ਭਰਤੀ ਅਤੇ 20 ਹਜ਼ਾਰ ਤੋਂ ਵੱਧ ਆਊਟ ਸੋਰਸ ਕਰਮਚਾਰੀਆਂ ਸਮੇਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਆਸ਼ਾ ਵਰਕਰਾਂ, ਮਿਡ-ਡੇ ਮੀਲ ਅਤੇ ਆਂਗਣਵਾੜੀ ਵਰਕਰਾਂ ਦੇ ਮਾਣ ਭੱਤਿਆਂ 'ਚ ਗੁਜ਼ਾਰਾ ਕਰਨ ਯੋਗ ਵਾਧਾ ਕੀਤਾ ਜਾਵੇ। ਮੀਤ ਹੇਅਰ ਨੇ ਕਿਸਾਨਾਂ ਦੀ ਆਮਦਨ 'ਚ ਵਾਧੇ ਲਈ ਖੇਤੀ ਵਿਭਿੰਨਤਾ ਅਤੇ ਖੇਤੀ ਆਧਾਰਿਤ ਐਗਰੋ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ 'ਤੇ ਜ਼ੋਰ ਦਿਤਾ।