ਲੋਕ-ਹੁੰਗਾਰੇ ਨੇ ਜਗਾਈ ਉਮੀਦ : ਸੰਗਰੂਰ ਰੈਲੀ ਬਣੇਗੀ 'ਬਦਲਦੀ-ਸੋਚ' ਦੀ ਗਵਾਹ : ਪਰਮਿੰਦਰ ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਸ਼੍ਰੋਮਣੀ ਕਮੇਟੀ ਅੰਦਰ ਆਏ ਨਿਘਾਰ ਨੂੰ ਦਰੁਸਤ ਕਰਨਾ ਸਾਡਾ ਮੁੱਖ ਮਕਸਦ

file photo

ਸੰਗਰੂਰ : ਐਤਵਾਰ ਨੂੰ ਹੋਣ ਜਾ ਰਹੀ ਸੰਗਰੂਰ ਰੈਲੀ ਨੂੰ ਲੈ ਕੇ ਢੀਂਡਸਾ ਪਰਵਾਰ ਕਾਫ਼ੀ ਉਤਸ਼ਾਹਤ ਨਜ਼ਰ ਆ ਰਿਹਾ ਹੈ। ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਪਣੀ ਸਿਆਸੀ ਪਰਵਾਜ ਨੂੰ ਹੋਰ ਗਤੀ ਮਿਲਣ ਦੀ ਉਮੀਦ ਦਿਖਾਈ ਦੇਣ ਲੱਗ ਪਈ ਹੈ।

ਰੈਲੀ ਸਬੰਧੀ ਤਿਆਰੀਆਂ 'ਚ ਜੁਟੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਤਵਾਰ ਨੂੰ ਸੰਗਰੂਰ ਦੀ ਧਰਤੀ 'ਤੇ ਹੋਣ ਜਾ ਰਹੀ ਰੈਲੀ ਲੋਕਾਂ ਦੀ ਬਦਲਦੀ ਸੋਚ ਦੀ ਗਵਾਹ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੈਲੀ ਲਈ ਲੋਕਾਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਰੈਲੀ ਵਿਚ ਆਉਣ ਵਾਲੇ ਲੋਕ ਅਕਾਲੀ ਦਲ ਦੀ ਅਸਲ ਸੋਚ ਦੇ ਹਾਮੀ ਹੋਣਗੇ ਜੋ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋਣ ਵਾਲੇ ਹਨ। ਇਸੇ ਦੌਰਾਨ ਬਾਦਲਾਂ 'ਤੇ ਹੱਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਰੈਲੀ ਦੀ ਸੰਭਾਵੀ ਸਫ਼ਲਤਾ ਨੇ ਬਾਦਲਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ ਹੈ ਜਿਸ ਤੋਂ ਬੁਖਲਾਹਟ ਵਿਚ ਆ ਕੇ ਉਹ ਰੈਲੀ ਨੂੰ ਕਾਂਗਰਸ ਦਾ ਹਿੱਸਾ ਕਹਿ ਕੇ ਭੰਡਣ ਲੱਗ ਪਏ ਹਨ।

ਉਨ੍ਹਾਂ ਕਿਹਾ ਕਿ ਬਾਦਲਕਿਆਂ ਵਲੋਂ ਕੀਤੀ ਗਈ ਰੈਲੀ ਦੌਰਾਨ ਜਿੱਥੇ ਪੂਰੇ ਪੰਜਾਬ ਵਿਚੋਂ ਇਕੱਠ ਕੀਤਾ ਗਿਆ ਸੀ, ਉਥੇ ਅਸੀਂ ਸਿਰਫ਼ ਸੰਗਰੂਰ ਵਾਸੀਆਂ ਦਾ ਹੀ ਇਕੱਠ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਰੈਲੀ ਵਿਚ ਆਉਣ ਵਾਲੇ ਲੋਕ ਖੁਦ ਅਪਣੇ ਸਾਧਨਾਂ ਰਾਹੀਂ ਆਉਣ ਵਾਲੇ ਹਨ ਜਦਕਿ ਬਾਦਲਕਿਆਂ ਨੇ ਇਸ ਲਈ ਐਸਜੀਪੀਸੀ ਦੀਆਂ ਗਰਾਟਾਂ ਦੀ ਵਰਤੋਂ ਕੀਤੀ ਸੀ।

ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸ਼੍ਰੋਮਣੀ ਕਮੇਟੀ ਅੰਦਰ ਆਏ ਨਿਘਾਰ ਨੂੰ ਦਰੁਸਤ ਕਰਨ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿੱਜੀ ਮੁਫਾਦਾਂ ਲਈ ਹੋ ਰਹੀ ਦੁਰਵਰਤੋਂ ਨੂੰ ਠੱਲ੍ਹ ਪਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੂਹ ਪੰਥ ਹਿਤੈਸ਼ੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰ ਕੇ 1920 ਵਾਲੇ ਅਕਾਲੀ ਦਲ ਦੀ ਸੋਚ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਥਾਪਨਾ ਵੀ ਸਿੱਖ ਪੰਥ ਦੀ ਭਲਾਈ ਅਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਨਿਵਾਰਨ ਲਈ ਹੋਈ ਸੀ।

ਢੀਂਡਸਾ ਅਨੁਸਾਰ ਰੈਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ, ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਤੋਂ ਇਲਾਵਾ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਸੰਬੋਧਨ ਕਰਨਗੀਆਂ।