ਵੈਕਸੀਨ ਨਾ ਲਗਵਾਉਣ 'ਤੇ ਸਖਤੀ, ਕੋਰੋਨਾ ਹੋਣ 'ਤੇ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਕੋਈ ਸਹੂਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵੈਕਸੀਨ ਲਗਾਉਣ ਵਾਲਿਆਂ ਨੂੰ ਸਿਹਤ ਮੰਤਰੀ ਦੀ ਚਿਤਾਵਨੀ

Balbir Singh Sidhu

ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਨੂੰ ਲੈ ਕੇ ਲੋਕਾਂ ਅੰਦਰ ਸ਼ੁਰੂ ਤੋਂ ਹੀ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਹੈ। ਪਹਿਲਾਂ ਕੋਰੋਨਾ ਦੀ ਜਾਂਚ ਨੂੰ ਲੈ ਕੇ ਲੋਕ ਡਰਦੇ ਰਹੇ ਅਤੇ ਸਿਹਤ ਕਾਮਿਆਂ ਦਾ ਵੱਡੇ ਪੱਧਰ 'ਤੇ ਵਿਰੋਧ ਹੋਇਆ ਸੀ। ਹੁਣ ਜਦੋਂ ਕਰੋਨਾ ਦਾ ਪ੍ਰਕੋਪ ਘੱਟ ਗਿਆ ਹੈ ਅਤੇ ਕਰੋਨਾ ਵੈਕਸੀਨ ਵੀ ਬਾਜ਼ਾਰ ਵਿਚ ਆ ਗਈ ਹੈ, ਇਸ ਵੇਲੇ ਵੀ ਕਰੋਨਾ ਵੈਕਸੀਨ ਲਗਵਾਉਣ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ।

ਭਾਵੇਂ ਕਰੋਨਾ ਵੈਕਸੀਨ ਲਗਵਾਉਣ ਦਾ ਆਮ ਲੋਕਾਂ ਦਾ ਨੰਬਰ ਅਜੇ ਨਹੀਂ ਆਇਆ ਪਰ ਸਿਹਤ ਮੁਲਾਜ਼ਮਾਂ ਨੂੰ ਇਹ ਵੈਕਸੀਨ ਪਹਿਲ ਦੇ ਆਧਾਰ 'ਤੇ ਲਗਵਾਈ ਜਾ ਰਹੀ ਹੈ। ਦੂਜੇ ਪਾਸੇ ਸਿਹਤ ਮੁਲਾਜ਼ਮ ਵੀ ਵੈਕਸੀਨ ਦੀ ਟੀਕਾ ਲਗਵਾਉਣ ਤੋਂ ਕਤਰਾ ਰਹੇ ਹਨ। ਹੁਣ ਸਰਕਾਰ ਨੇ ਅਜਿਹੇ ਸਰਕਾਰੀ ਮੁਲਾਜ਼ਮਾਂ ਖਿਲਾਫ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਖਬਰਾਂ ਮੁਤਾਬਕ ਪੰਜਾਬ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਦਸਤਕ ਦੇ ਦਿੱਤੀ ਹੈ ਅਤੇ ਕੇਸਾਂ ਵਿਚ ਵਾਧਾ ਜਾਰੀ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੈਲਥਕੇਅਰ ਵਰਕਰਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਸੁਚੇਤ ਕਰਨ ਦੇ ਨਾਲ ਨਾਲ ਚਿਤਾਵਨੀ ਵੀ ਦਿੱਤੀ ਹੈ। ਸਿਹਤ ਮੰਤਰੀ ਮੁਤਾਬਕ ਜੇਕਰ ਕੋਈ ਮੁਲਾਜ਼ਮ ਕੋਵਿਡ ਵੈਕਸੀਨੇਸ਼ਨ ਨਹੀਂ ਕਰਵਾਉਂਦਾ ਤਾਂ ਉਸ ਸਥਿਤੀ ਵਿਚ ਬਿਮਾਰ ਹੋਣ 'ਤੇ ਉਨ੍ਹਾਂ ਨੂੰ ਖੁਦ ਹੀ ਆਪਣੇ ਇਲਾਜ ਦਾ ਖ਼ਰਚ ਚੁੱਕਣਾ ਹੋਵੇਗਾ।  

ਇੱਥੋਂ ਤਕ ਕਿ ਅਜਿਹੇ ਹੈੱਲਥਕੇਅਰ ਵਰਕਰਾਂ ਨੂੰ ਇਕਾਂਤਵਾਸ ਦੌਰਾਨ ਪੇਡ ਤਨਖ਼ਾਹ ਨਹੀਂ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਸਾਰੇ ਸਿਹਤ ਵਰਕਰਾਂ ਨੂੰ ਕੋਵਿਡ ਵੈਕਸੀਨੇਸ਼ਨ ਦੀ ਅਪੀਲ ਕਰਦਿਆਂ ਕਿਹਾ ਕਿ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਦੀ ਲੋੜ ਹੈ।

ਕਾਬਲੇਗੌਰ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਹੀ ਕੇਂਦਰ ਸਰਕਾਰ ਨੇ ਪੰਜਾਬ ਸਮੇਤ 5 ਸੂਬਿਆਂ ਦੀ ਸਰਕਾਰਾਂ ਨੂੰ ਮੁੜ ਤੋਂ ਨਵੇਂ ਨਿਰਦੇਸ਼ ਜਾਰੀ ਕੀਤੇ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਕੋਰੋਨਾ ਦੀ ਜਾਂਚ ਲਈ ਟੈਸਟਿੰਗ ਤੇ ਵੈਕਸੀਨੇਸ਼ਨ ਵਧਾਉਣ ਨੂੰ ਕਿਹਾ ਹੈ। ਮੁਲਕ 'ਚ ਬੀਤੇ 24 ਘੰਟਿਆਂ ਅੰਦਰ 90 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। 14,264 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 11,667 ਲੋਕ ਇਨ੍ਹਾਂ ਹੀ 24 ਘੰਟਿਆਂ ਅੰਦਰ ਠੀਕ ਵੀ ਹੋਏ ਹਨ।