ਦਿੱਲੀ ਤੋਂ ਹਿਰਾਸਤ ਵਿਚ ਲਏ ਤਿੰਨ ਨੌਜਵਾਨਾਂ ’ਚੋਂ ਇਕ ਸੇਵਾਮੁਕਤ ਥਾਣੇਦਾਰ ਦਾ ਪੁੱਤਰ
ਦਿੱਲੀ ਤੋਂ ਹਿਰਾਸਤ ਵਿਚ ਲਏ ਤਿੰਨ ਨੌਜਵਾਨਾਂ ’ਚੋਂ ਇਕ ਸੇਵਾਮੁਕਤ ਥਾਣੇਦਾਰ ਦਾ ਪੁੱਤਰ
ਕੋਟਕਪੂਰਾ, 21 ਫ਼ਰਵਰੀ (ਗੁਰਿੰਦਰ ਸਿੰਘ) : ਯੂਥ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੀ ਹਤਿਆ ਦੀ ਗੁਥੀ ਹੁਣ ਸੁਲਝਦੀ ਦਿਖਾਈ ਦੇ ਰਹੀ ਹੈ। ਦਿੱਲੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਫ਼ਰੀਦਕੋਟ ਤੋਂ ਮਿਲੇ ਸੁਰਾਗ ਦੇ ਆਧਾਰ ’ਤੇ ਦਿੱਲੀ ਵਿਚ ਗਿ੍ਰਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਫ਼ਰੀਦਕੋਟ ਲਿਆਉਣ ਲਈ ਇਥੋਂ ਦੀ ਪੁਲਿਸ ਦੀ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਸਵਰਨਦੀਪ ਸਿੰਘ ਐਸਐਸਪੀ ਫ਼ਰੀਦਕੋਟ ਨੇ ਕੀਤੀ ਹੈ।
ਕਾਬੂ ਕੀਤੇ ਗਏ ਤਿੰਨ ਮੁਲਜ਼ਮਾਂ ਦਾ ਸਬੰਧ ‘ਲਾਰੈਂਸ ਬਿਸ਼ਨੋਈ ਗਰੋਹ’ ਨਾਲ ਹੈ। ਇਨ੍ਹਾਂ ਵਿਚੋਂ ਪਹਿਲਾ ਗੁਰਵਿੰਦਰ ਸਿੰਘ ਗੋਰਾ ਵਾਸੀ ਦੇਵੀਵਾਲਾ ਰੋਡ ਕੋਟਕਪੂਰਾ, ਦੂਜਾ ਸੁਖਵਿੰਦਰ ਸਿੰਘ ਵਾਸੀ ਭਾਨ ਸਿੰਘ ਕਲੋਨੀ ਫ਼ਰੀਦਕੋਟ ਅਤੇ ਤੀਜਾ ਸੋਰਭ ਵਰਮਾ ਵਾਸੀ ਮਾਈਖ਼ਾਨਾ ਮੁਹੱਲਾ ਫ਼ਰੀਦਕੋਟ ਦੇ ਹਨ। ਗੁਰਵਿੰਦਰ ਦੇ ਕਰੀਬੀ ਰਿਸ਼ਤੇਦਾਰ ਗੁਰਲਾਲ ਸਿੰਘ ਬਰਾੜ ਦਾ ਲਗਭਗ ਢਾਈ ਮਹੀਨੇ ਪਹਿਲਾਂ ਚੰਡੀਗੜ੍ਹ ਵਿਚ ਕਤਲ ਹੋ ਗਿਆ ਸੀ। ਗੁਰਵਿੰਦਰ ਸਿੰਘ ਗੋਰਾ ਬਾਰੇ ਦਸਿਆ ਜਾ ਰਿਹਾ ਹੈ ਕਿ ਵਰਤਮਾਨ ਸਮੇ ਵਿਚ ਉਹ ਅਫ਼ੀਮ ਤਸਕਰੀ ਦੇ ਇਕ ਮਾਮਲੇ ’ਚ ਜੇਲ ਤੋਂ ਬਾਹਰ ਆਇਆ ਹੋਇਆ ਹੈ। ਗੁਰਵਿੰਦਰ ਦੇ ਪਿਤਾ ਮਰਹੂਮ ਜੱਜ ਸਿੰਘ ਪੁਲਿਸ ਵਿਭਾਗ ਦੇ ਖ਼ੁਫ਼ੀ ਵਿਭਾਗ ਵਿਚ ਏਐਸਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਗੁਰਵਿੰਦਰ ਦਾ ਦੂਜਾ ਭਰਾ ਵਿਦੇਸ਼ ਵਿਚ ਹੈ ਜਦਕਿ ਗੁਰਵਿੰਦਰ ਦਾ ਪ੍ਰਵਾਰ ਕੋਟਕਪੂਰੇ ਵਿਚ ਹੀ ਰਹਿੰਦਾ ਹੈ। ਬੀ.ਏ. ਦਾ ਵਿਦਿਆਰਥੀ ਸੁਖਵਿੰਦਰ ਸਿੰਘ ਦੇ ਪਿਤਾ ਫ਼ਰੀਦਕੋਟ ਸਿਹਤ ਵਿਭਾਗ ਵਿਚ ਡਰਾਈਵਰ ਹਨ, ਸੁਖਵਿੰਦਰ ਅਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। ਵਰਤਮਾਨ ਸਮੇਂ ਵਿਚ ਉਹ ਨਸ਼ੇ ਦਾ ਸੇਵਨ ਕਰਨ ਦੇ ਨਾਲ ਹੀ ਗੈਂਗਸਟਰਾਂ ਦੀ ਦੁਨੀਆਂ ਦੀ ਚਕਾਚੌਂਧ ਵਿਚ ਘਿਰਿਆ ਹੋਇਆ ਸੀ।
ਘਟਨਾ ਵਾਲੇ ਦਿਨ ਉਹ ਅਪਣੇ ਘਰ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਦੀ ਗੱਲ ਕਹਿ ਕੇ ਗਿਆ ਸੀ ਤੇ ਉਸ ਤੋਂ ਬਾਅਦ ਘਰ ਵਾਪਸ ਨਾ ਪਰਤਿਆ। ਉਸ ਦੇ ਮਾਪਿਆਂ ਨੂੰ ਘਟਨਾ ’ਤੇ ਵਿਸ਼ਵਾਸ ਨਹੀਂ ਹੋ ਰਿਹਾ। ਸੌਰਭ ਵਰਮਾ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਦੇ ਨਾਲ ਹੀ ਨਸ਼ੇ ’ਚ ਗ੍ਰਸਤ ਸੀ। ਦਸਿਆ ਜਾ ਰਿਹਾ ਹੈ ਕਿ ਸੋਰਭ ਦੇ ਪਿਤਾ ਮਜ਼ਦੂਰੀ ਦਾ ਕੰਮ ਕਰਦੇ ਹਨ। ਬਾਰ੍ਹਵੀਂ ਪਾਸ ਸੋਰਭ ਵੀ ਪਿਛਲੇ ਕਈ ਸਾਲਾਂ ਤੋਂ ਬੇਰੁਜ਼ਗਾਰ ਹੀ ਸੀ ਹਾਲਾਂਕਿ ਉਸ ਦਾ ਪੁਲਿਸ ਕੋਲ ਕੋਈ ਵੱਡਾ ਅਪਰਾਧਕ ਰੀਕਾਰਡ ਵੀ ਨਹੀਂ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-21-9ਆਈ
ਕੈਪਸ਼ਨ : ਮਿ੍ਰਤਕ ਗੁਰਲਾਲ ਸਿੰਘ ਭਲਵਾਨ ਦੀ ਪੁਰਾਣੀ ਤਸਵੀਰ।