ਖੇਤੀ ਕਾਨੂੰਨਾਂ ਉਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ
ਖੇਤੀ ਕਾਨੂੰਨਾਂ ਉਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ : ਕੈਪਟਨ
ਚੰਡੀਗੜ੍ਹ, 21 ਫ਼ਰਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੀ ਪ੍ਰਸਤਾਵਤ ਮੁਅੱਤਲੀ ਦੇ ਵਾਧੇ ਬਾਰੇ ਮੀਡੀਆ ਦੇ ਉਸ ਬਿਆਨ ਨੂੰ ‘ਗ਼ਲਤ ਵਿਆਖਿਆ’ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਰਾਰਤ ਨਾਲ ਉਨ੍ਹਾਂ ਦੇ ਇਸ ਮੁੱਦੇ ਉਤੇ ਪੱਖ ਪ੍ਰਤੀ ਗ਼ਲਤ ਪ੍ਰਭਾਵ ਦੇਣ ਲਈ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਕੱੁਝ ਕਿਸਾਨ ਨੇਤਾਵਾਂ ਦੇ ਉਨ੍ਹਾਂ (ਮੁੱਖ ਮੰਤਰੀ) ਦੇ ਅੰਦੋਲਨ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕਰਨ ਦੇ ਖ਼ਦਸ਼ਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇੰਟਰਵਿਊ ਤੋਂ ਇਹ ਸੰਦੇਸ਼ ਪਹੁੰਚਾਉਣ ਦੀ ਕੀਤੀ ਗਈ ਕੋਸ਼ਿਸ਼ ਪੂਰੀ ਤਰ੍ਹਾਂ ਗ਼ਲਤ ਹੈ, ਜਿਵੇਂ ਕਿ ਇਸ ਮੁੱਦੇ ’ਤੇ ਉਨ੍ਹਾਂ ਦੇ ਬਾਕੀ ਬਿਆਨ ਤੋਂ ਸਪੱਸ਼ਟ ਹੁੰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਸੇ ਵੀ ਦਖ਼ਲਅੰਦਾਜ਼ੀ ਜਾਂ ਸਿੱਧੇ ਤੌਰ ’ਤੇ ਵਿਚੋਲਗੀ ਜਦੋਂ ਤਕ ਦੋਹਾਂ ਧਿਰਾਂ ਵਲੋਂ ਨਹੀਂ ਮੰਗੀ ਗਈ, ਤੋਂ ਇਨਕਾਰ ਕਰ ਦਿਤਾ ਸੀ।
ਉਨ੍ਹਾਂ ਕਿਹਾ ਕਿ ਸਬੰਧਤ ਇੰਟਰਵਿਊ ਵਿਚ ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਸੀ ‘‘ਜਿਥੋਂ ਤਕ ਮੈਂ ਸਮਝਦਾ ਹਾਂ ਉਹ ਇਹ ਹੈ ਕਿ ਕੱੁਝ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਅੱਗੇ ਪਾਉਣ ਲਈ ਸਹਿਮਤ ਹਨ ਪਰ ਜਿਨ੍ਹਾਂ ਦੀ ਮਿਆਦ 24 ਮਹੀਨਿਆਂ ਤਕ ਵੀ ਵਧਾਈ ਜਾਣ ਦੀ ਸੰਭਾਵਨਾ ਹੋ ਸਕਦੀ ਹੈ।’’ ਉਨ੍ਹਾਂ ਨੇ ਉਸੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਸੀ ਕਿ ਜਿਸ ਸਮਾਂ ਹੱਦ ਤਕ ਕਾਨੂੰਨਾਂ ਉਤੇ ਰੋਕ ਲਾਉਣ ਦੀ ਗੱਲ ਹੋ ਰਹੀ ਹੈ, ਉਹ ਪੱਖ ਲਗਾਤਾਰ ਚਰਚਾ ਦਾ ਵਿਸ਼ਾ ਹੈ (ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ)।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਸਪੱਸ਼ਟ ਤੌਰ ’ਤੇ ਕੁੱਝ ਕਿਸਾਨ ਯੂਨੀਅਨਾਂ ਵਲੋਂ ਇਸ ਮੁੱਦੇ ’ਤੇ ਆਈ ਫ਼ੀਡਬਂੈਕ ਦੇ ਸੰਦਰਭ ਵਿਚ ਸੀ ਜਿਸ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਸਮਝੌਤੇ ਲਈ ਉਨ੍ਹਾਂ ਦੇ ਨਿਜੀ ਸੁਝਾਅ ਵਜੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਪੂਰੇ ਬਿਆਨ ਦੇ ਸੰਦਰਭ ਵਿਚ ਲਿਆਂਦੇ ਜਾਣ ਦੀ ਬਜਾਏ, ਇਸ ਖ਼ਾਸ ਨੁਕਤੇ (ਖੇਤੀ ਕਾਨੂੰਨਾਂ ਦੀ 24 ਮਹੀਨਿਆਂ ਲਈ ਮੁਅੱਤਲੀ ਉਤੇ) ਨੂੰ ਇਕ ਵਖਰੇ ਬਿਆਨ ਵਜੋਂ ਦਿਖਾਇਆ ਗਿਆ ਜਿਸ ਨੂੰ ਉਨ੍ਹਾਂ ਤੱਥਾਂ ਤੋਂ ਗ਼ਲਤ ਕਰਾਰ ਦਿਤਾ।
ਮੁੱਖ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਦੁਹਰਾਉਂਦਿਆਂ ਕਿਹਾ ਕਿ ਇਸ ਮਸਲੇ ਦਾ ਛੇਤੀ ਹੱਲ ਪੰਜਾਬ ਦੀ ਸੁਰੱਖਿਆ ਲਈ ਬਹੁਤ ਨਾਜ਼ੁਕ ਹੈ ਜਿਥੇ ਪਿਛਲੇ ਪੰਜ-ਛੇ ਮਹੀਨਿਆਂ ਵਿਚ ਸਰਹੱਦ ਪਾਰ ਤੋਂ ਸੂਬੇ ਵਿਚ ਹਥਿਆਰਾਂ ਦੀ ਤਸਕਰੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਇਹ ਗੱਲ ਦਾਅਵੇ ਨਾਲ ਕਹੀ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਇਸ ਮੁੱਦੇ ’ਤੇ ਕਿਸਾਨਾਂ ਨਾਲ ਨਿਰੰਤਰ ਖੜੀ ਰਹੇਗੀ।