'ਆਪ' ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਡਰਾਈਵਰ 'ਤੇ ਧਾਰਾ 307 ਤਹਿਤ ਮਾਮਲਾ ਦਰਜ
ਵੋਟਿੰਗ ਵਾਲੇ ਦਿਨ ਲਾਭ ਸਿੰਘ ਉਗੋਕੇ ਦੀ ਗੱਡੀ 'ਤੇ ਹਮਲਾ ਕਰਨ ਵਾਲਾ ਕਾਂਗਰਸੀ ਆਗੂ ਹੋਇਆ ਸੀ ਜ਼ਖ਼ਮੀ
ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋ ਗਈਆਂ ਹਨ ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ ਪਰ ਹੁਣ ਸਿਆਸੀ ਲੀਡਰਾਂ 'ਤੇ ਪਰਚਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੇ ਚਲਦੇ ਹੀ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਡਰਾਈਵਰ 'ਤੇ ਧਾਰਾ 307 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ 20 ਤਰੀਕ ਨੂੰ ਚੋਣਾਂ ਵਾਲੇ ਦਿਨ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ 'ਤੇ ਕਈ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ।
ਇਸ ਦੇ ਸਬੰਧ ਵਿਚ ਥਾਣਾ ਭਦੌੜ ਪੁਲਿਸ ਪ੍ਰਸ਼ਾਸਨ ਨੇ ਵਿਸ਼ਾਲ ਸਿੰਗਲਾ ਸਮੇਤ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਪੁਲਿਸ ਨੇ ਦੱਸਿਆ ਸੀ ਕਿ ਉਹ ਕਾਂਗਰਸੀ ਵਰਕਰ ਹਨ।
ਇਸ ਘਟਨਾ ਵਿੱਚ ਲਾਭ ਸਿੰਘ ਉਗੋਕੇ ਦੀ ਗੱਡੀ ’ਤੇ ਚੜ੍ਹੇ ਕਾਂਗਰਸੀ ਵਿਸ਼ਾਲ ਸਿੰਗਲਾ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ ਕਿਉਂਕਿ ਗੱਡੀ 'ਤੇ ਅਚਾਨਕ ਹਮਲਾ ਹੋਣ 'ਤੇ ਡਰਾਈਵਰ ਨੇ ਗੱਡੀ ਤੇਜ਼ ਭਜਾ ਲਈ ਸੀ ਜਿਸ ਕਰਕੇ ਹਮਲਵਾਰ ਜ਼ਖ਼ਮੀ ਹੋ ਗਿਆ ਸੀ।
ਜ਼ਖਮੀ ਵਿਸ਼ਾਲ ਸਿੰਗਲਾ ਦੇ ਪਿਤਾ ਰਾਜਵੀਰ ਸਿੰਗਲਾ ਦੇ ਬਿਆਨਾਂ ਦੇ ਆਧਾਰ 'ਤੇ ਪੁਲੀਸ ਨੇ ਲਾਭ ਸਿੰਘ ਉਗੋਕੇ ਦੀ ਗੱਡੀ ਦੇ ਡਰਾਈਵਰ ’ਤੇ 307 ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।