ਬਗ਼ੈਰ ਪਾਸਪੋਰਟ ਅਤੇ ਵੀਜ਼ੇ ਤੋਂ ਘੁੰਮ ਰਹੀ ਵਿਦੇਸ਼ੀ ਲੜਕੀ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਡੀਅਨ ਪਾਸਪੋਰਟ ਐਕਟ ਅਤੇ ਫਾਰਨਰ ਐਕਟ ਤਹਿਤ ਕੀਤਾ ਮਾਮਲਾ ਦਰਜ

Amritsar Police Arrests Foreign Girl Traveling Without Passport And Visa

ਮਾਣਯੋਗ ਅਦਾਲਤ ਨੇ ਸੁਣਾਇਆ ਉਕਤ ਲੜਕੀ ਨੂੰ ਜੇਲ੍ਹ ਭੇਜਣ ਦਾ ਹੁਕਮ

ਅੰਮ੍ਰਿਤਸਰ : ਹਲਕਾ ਰਾਜਾਸਾਂਸੀ ’ਚ ਬਗ਼ੈਰ ਪਾਸਪੋਰਟ ਅਤੇ ਵੀਜ਼ੇ ਤੋਂ ਘੁੰਮ ਰਹੀ ਰੂਸ ਦੀ ਇਕ ਲੜਕੀ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜਾਸਾਂਸੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੀ ਪਛਾਣ ਅਲੀਸ਼ੀਆ ਵਜੋਂ ਹੋਈ ਹੈ ਜੋ ਰੂਸ ਦੇ ਕਿਰਗਿਜ਼ਸਤਾਨ ਦੀ ਹੈ ਅਤੇ ਜੋ ਰਾਤ ਕਰੀਬ ਅੱਠ ਵਜੇ ਕਸਬਾ ਰਾਜਾਸਾਂਸੀ ਵਿਖੇ ਘੁੰਮ ਰਹੀ ਸੀ।

ਉਨ੍ਹਾਂ ਦੱਸਿਆ ਕਿ ਇੰਸਪੈਕਟਰ ਭੁਪਿੰਦਰ ਕੌਰ ਨੇ ਜਦੋਂ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਵੱਲੋਂ ਕੋਈ ਪਰੂਫ ਨਹੀਂ ਦਿੱਤਾ ਗਿਆ, ਜਿਸ ’ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਇੰਡੀਅਨ ਪਾਸਪੋਰਟ ਐਕਟ ਅਤੇ ਫਾਰਨਰ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਲੜਕੀ ਨੂੰ ਅਜਨਾਲਾ ਦੀ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ ਜਿੱਥੇ ਉਸ ਨੂੰ ਮਾਣਯੋਗ ਅਦਾਲਤ ਵੱਲੋਂ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਇਹ ਵਿਦੇਸ਼ੀ ਲੜਕੀ ਪੱਤਰਕਾਰਾਂ ’ਤੇ ਵੀ ਭੜਕਦੀ ਨਜ਼ਰ ਆਈ ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਦੇਸ਼ੀ ਲੜਕੀ ਕੋਲ ਨਾ ਤਾਂ ਪਾਸਪੋਰਟ ਸੀ ਅਤੇ ਨਾ ਹੀ ਵੀਜ਼ਾ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।