ਸੌਦਾ ਸਾਧ ਨੂੰ ਫ਼ਰਲੋ ਤੋਂ ਬਾਅਦ ਜ਼ੈਡ ਪਲੱਸ ਸੁਰੱਖਿਆ ਦੇ ਕੇ ਹਰਿਆਣਾ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ : ਖ਼ਾਲਸਾ
ਸੌਦਾ ਸਾਧ ਨੂੰ ਫ਼ਰਲੋ ਤੋਂ ਬਾਅਦ ਜ਼ੈਡ ਪਲੱਸ ਸੁਰੱਖਿਆ ਦੇ ਕੇ ਹਰਿਆਣਾ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ : ਖ਼ਾਲਸਾ
ਰਾਏਕੋਟ, 22 ਫ਼ਰਵਰੀ (ਜਸਵੰਤ ਸਿੰਘ ਸਿੱਧੂ): ਹਰਿਆਣਾ ਦੀ ਭਾਜਪਾ ਨੇ ਵੱਡੇ ਅਪਰਾਧਕ ਮਾਮਲਿਆਂ ’ਚ ਅਦਾਲਤ ਵਲੋਂ ਦੋਸ਼ੀ ਸਾਬਤ ਕਰ ਕੇ ਜੇਲ ਵਿਚ ਸੁੱਟੇ ਸੌਦਾ ਸਾਧ ਨੂੰ ਪਹਿਲਾਂ 21 ਦੀ ਪੈਰੋਲ ਦੇ ਸਿੱਖਾਂ ਦੇ ਅੱਲੇ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਖ਼ਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਪੈਰੋਲ ’ਤੇ ਆਉਣ ਤੋਂ ਬਾਅਦ ਹੁਣ ਖ਼ਾਲਿਸਤਾਨੀਆਂ ਤੋਂ ਖ਼ਤਰੇ ਦਾ ਸਹਾਰਾ ਲੈ ਕੇ ਜ਼ੈੱਡ ਪਲੱਸ ਸੁਰੱਖਿਆ ਦੇ ਕੇ ਭਾਜਪਾ ਸਰਕਾਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਭਾਜਪਾਈ ਸਰਕਾਰਾਂ ਸਿੱਖ ਵਿਰੋਧੀ ਲੋਕਾਂ ਦੀ ਪਿੱਠ ਪੂਰ ਕੇ ਸਿੱਖਾਂ ਨੂੰ ਇਹ ਸਪੱਸ਼ਟ ਦਸਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਦੇਸ਼ ਵਿਚ ਸਿੱਖਾਂ ਲਈ ਵਖਰੇ ਕਾਨੂੰਨ ਅਤੇ ਸਿੱਖ ਵਿਰੋਧੀਆ ਲਈ ਵਖਰੇ ਕਾਨੂੰਨ ਹਨ। ਉਨ੍ਹਾਂ ਅੱਗੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਸਰਕਾਰ ਵਲੋਂ ਬੜੇ ਹੀ ਗੰਭੀਰ ਅਪਰਾਧਕ ਮਾਮਲਿਆਂ ਵਿਚ ਸ਼ਜਾ ਕੱਟ ਰਹੇ ਸੌਦਾ ਸਾਧ ਨੂੰ ਪਹਿਲਾ ਪੈਰੋਲ ਤੇ ਫਿਰ ਜ਼ੈੱਡ ਪਲੱਸ ਸੁਰੱਖਿਆ ਮੁਹਈਆ ਕਰਵਾ ਕੇ ਸੌਦਾ ਸਾਧ ਦੇ ਚੇਲਿਆਂ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਵੋਟਾਂ ਪਵਾਉਣ ਤੇ ਭਾਜਪਾ ਸਰਕਾਰ ਨੇ ਸੌਦਾ ਸਾਧ ਨੂੰ ਜ਼ੈੱਡ ਪਲੱਸ ਸੁਰੱਖਿਆ ਦੇ ਕੇ ਖ਼ੁਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਿਦਕ ਨੂੰ ਪਰਖਿਆ ਨਾ ਜਾਵੇ ਤੇ ਸੌਦਾ ਸਾਧ ਨੂੰ ਦਿਤੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ ਤਾਕਿ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਅੱਗ ਲਾਉਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਸ਼ਪਸ਼ਟ ਕੀਤਾ ਕਿ ਇਕ ਪਾਸੇ ਸਿੱਖ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸਖ਼ਤ ਬੀਮਾਰ ਹੋਣ ਦੇ ਬਾਵਜੂਦ ਵੀ ਹੱਥਕੜੀਆਂ ਲਾ ਕੇ ਇਲਾਜ ਲਈ ਭੇਜਿਆ ਜਾਂਦਾ ਹੈ ਤੇ ਕੋਈ ਪੈਰੋਲ ਨਹੀਂ ਦਿਤੀ ਜਾਂਦੀ ਪਰ ਦੂਜੇ ਪਾਸੇ ਸਿੱਖ ਵਿਰੋਧੀ ਸੌਦਾ ਸਾਧ ਬਿਨਾਂ ਵਜਾ ਪੈਰੋਲ ਦੇ ਕੇ ਹੁਣ ਜ਼ੈੱਡ ਸੁਰੱਖਿਆ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਨਾ ਲਈ ਗਈ ਤਾਂ ਜਲਦੀ ਹੀ ਵੱਡਾ ਵਿਰੋਧ ਰੂਪ ’ਚ ਇਕੱਠ ਕਰ ਕੇ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ, ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਪ੍ਰੈਸ ਸੈਕਟਰੀ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ, ਪ੍ਰਚਾਰ ਸੈਕਟਰੀ ਭਾਈ ਜੋਗਿੰਦਰ ਸਿੰਘ, ਪ੍ਰਧਾਨ ਭਾਈ ਜਗਤਾਰ ਸਿੰਘ ਫ਼ਿਰੋਜ਼ਪੁਰ, ਭਾਈ ਸੁਰਜੀਤ ਸਿੰਘ ਸਰਹਾਲੀ, ਭਾਈ ਕਾਲਾਂ ਸਿੰਘ ਮਰੜ, ਭਾਈ ਕੁਲਦੀਪ ਸਿੰਘ, ਬਾਬਾ ਬਕਾਲਾ ਆਦਿ ਆਗੂ ਹਾਜ਼ਰ ਸਨ।
L48_Jaswant Sidhu _22_02