12ਵੀਂ ਦੀ ਪੁਸਤਕ ਵਿਚ ਸਿੱਖ ਇਤਿਹਾਸ ਬਾਰੇ ਗ਼ਲਤ ਤੱਥਾਂ ਦਾ ਮਾਮਲਾ ਭਖਿਆ

ਏਜੰਸੀ

ਖ਼ਬਰਾਂ, ਪੰਜਾਬ

12ਵੀਂ ਦੀ ਪੁਸਤਕ ਵਿਚ ਸਿੱਖ ਇਤਿਹਾਸ ਬਾਰੇ ਗ਼ਲਤ ਤੱਥਾਂ ਦਾ ਮਾਮਲਾ ਭਖਿਆ

image

ਚੰਡੀਗੜ੍ਹ, 22 ਫ਼ਰਵਰੀ (ਬਠਲਾਣਾ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 12ਵੀਂ ਕਲਾਸ ਨੂੰ ਪੜ੍ਹਾਈ ਜਾ ਰਹੀ ਪੁਸਤਕ ‘ਪੰਜਾਬ ਦਾ ਇਤਿਹਾਸ’ ਜਿਥੇ ਬੋਰਡ ਦੇ ਅਧਿਕਾਰੀਆਂ ਲਈ ਗਲੇ ਦੀ ਹੱਡੀ ਬਣ ਗਈ ਹੈ, ਉਥੇ ਹੀ ਆਮ ਲੋਕਾਂ ਵਿਚ ਇਸ ਨੂੰ ਲੈ ਕੇ ਭਾਰੀ ਰੋਸ ਹੈ। ਇਸੇ ਮਾਮਲੇ ਨੂੰ ਲੈ ਕੇ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੋਸਾਇਟੀ ਅਤੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਵਲੋਂ ਸਿਖਿਆ ਬੋਰਡ ਦੇ ਦਫ਼ਤਰ ਸਾਹਮਣੇ ਕਈ ਦਿਨਾਂ ਤੋਂ ਦਿਨ-ਰਾਤ ਦਾ ਧਰਨਾ ਚਲ ਰਿਹਾ ਹੈ। 
ਧਰਨੇ ਵਿਚ ਪੁੱਜੇ ਸਮਾਜ-ਸੇਵਕ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਇਹ ਇਕ ਬਜਰ ਗ਼ਲਤੀ ਹੈ ਜਿਸ ਲਈ ਮੌਕੇ ਦੀਆਂ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਦੋਸ਼ੀ ਹਨ। ਡਾ. ਗਰਗ ਨੇ ਦੋਸ਼ ਲਾਇਆ ਕਿ ਦੋਵੇਂ ਸਰਕਾਰਾਂ ਦੀ ਮਿਲੀਭੁਗਤ ਕਾਰਨ ਇਹ ਕਿਤਾਬ ਹੁਣ ਵੀ ਪੜ੍ਹਾਈ ਜਾ ਰਹੀ ਹੈ, ਹਾਲਾਂਕਿ ਇਸ ਦੀ ਜਾਣਕਾਰੀ ਸਰਕਾਰਾਂ ਤੋਂ ਇਲਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਹੈ। 

ਡਾ. ਗਰਗ ਅਨੁਸਾਰ ਇਸ ਵੇਲੇ ਡੇਢ ਲੱਖ ਦੇ ਕਰੀਬ ਵਿਦਿਆਰਥੀ ਇਹ ਕਿਤਾਬ ਪੜ੍ਹ ਰਹੇ ਹਨ। ਡਾ. ਗਰਗ ਨੇ ਕਿਤਾਬ ਦੇ ਲੇਖਕ, ਪ੍ਰਕਾਸ਼ਕ ਅਤੇ ਸਿਖਿਆ ਬੋਰਡ ਨੂੰ ਇਸ ਗ਼ਲਤੀ ਲਈ ਜ਼ੁੰਮੇਵਾਰ ਕਰਾਰ ਦਿੰਦਿਆਂ ਉਨ੍ਹਾਂ ਵਿਰੁਧ ਜਾਂਚ ਮਗਰੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਗੰਭੀਰ ਮੁੱਦਾ ਦਸਿਆ ਜੋ ਕਿਸਾਨ ਮੋਰਚੇ ਵਾਂਗ ਪੂਰੇ ਪੰਜਾਬ ਵਿਚ ਫੈਲ ਸਕਦਾ ਹੈ। ਡਾ. ਗਰਗ ਅਨੁਸਾਰ ਪਹਿਲਾਂ ਵੀ ਇਸ ਮੁੱਦੇ ’ਤੇ ਧਰਨੇ ਲੱਗੇ ਹਨ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਪ੍ਰੰਤੂ ਹੁਣ ਇਹ ਮੋਰਚਾ ਦਿਨੋ ਦਿਨੀਂ ਜ਼ੋਰ ਫੜ ਰਿਹਾ ਹੈ ਅਤੇ ਸਰਕਾਰ ਨੂੰ ਪਹਿਲ ਕਰ ਕੇ ਇਹ ਮਾਮਲਾ ਹੱਲ ਕਰਨਾ ਚਾਹੀਦਾ ਹੈ ਅਤੇ ਕਿਤਾਬ ਤੇ ਤੁਰਤ ਪਾਬੰਦੀ ਲਗਣੀ ਚਾਹੀਦੀ ਹੈ। ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਸ. ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਮਾਮਲੇ ਵਿਚ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦਿਵਾਏ ਬਗ਼ੈਰ ਇਹ ਧਰਨਾ ਜਾਰੀ ਰਹੇਗਾ। 

ਬਠਲਾਣਾ -1