ਉਕਰੇਜ਼ ਇੰਟਰਨੈਸ਼ਨਲ ਸਕੂਲ ਦੀ ਹੈੱਡ-ਗਰਲ, ਬਾਰਾਂ ਸਾਲਾਂ ਕੁਹੂ ਨੂੰ ਮਿਲਿਆ ਯੂਨੀਸੈੱਫ਼ ਸਿਮਟ ਵਿਚ ਰਿਪੋਰਟਰ ਲੇਖਕਾ ਬਣਨ ਦਾ ਮੌਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਜੀਟਲ ਪਲੇਟਫ਼ਾਰਮ ਰਾਹੀਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਦੇ ਹੋਏ ਸਮਾਜ ਵਿਚ ਨਵੀਂ ਤਬਦੀਲੀ ਲਿਆ ਸਕਦੀ ਹੈ  ਅੱਜ ਦੀ ਨੌਜਵਾਨ ਪੀੜ੍ਹੀ - ਕੁਹੂ 

Kuhu, Student of Oakridge be a Report Writer at Nord Anglia Education-UNICEF Summit

ਐਸ.ਏ.ਐਸ ਨਗਰ  (ਸੁਖਦੀਪ ਸਿੰਘ ਸੋਈਂ): ਉਕਰੇਜ਼ ਇੰਟਰਨੈਸ਼ਨਲ ਸਕੂਲ ਦੀ ਹੈੱਡ-ਗਰਲ, ਬਾਰਾਂ ਸਾਲਾਂ ਦੀ ਕੁਹੂ ਨੂੰ ਸੰਯੁਕਤ ਰਾਸ਼ਟਰ ਚਿਲਡਰਨ ਫ਼ੰਡ ਸਿਮਟ ਯਾਨੀ ਯੂਨੀਸੈੱਫ਼ ਸਿਮਟ ਵਿਚ ਰਿਪੋਰਟਰ ਲੇਖਕਾ ਬਣਨ ਦਾ ਮੌਕਾ ਮਿਲਿਆ ਹੈ। ਸੰਯੁਕਤ ਰਾਸ਼ਟਰ ਚਿਲਡਰਨ ਫ਼ੰਡ ਸਿਮਟ ਅਤੇ ਨੋਡਲ ਐਂਗਲੀਆਂ ਸਕੂਲਾਂ ਵਲੋਂ ਕਰਵਾਏ ਇਸ ਸਰਵੇ ਦੌਰਾਨ ਵਿਦਿਆਰਥਣ ਕੁਹੂ ਨੂੰ ਇਹ ਮੌਕਾ ਮਿਲਿਆ। ਇਸ ਸਰਵੇ ਦੌਰਾਨ ਸਮਾਜ ਵਿਚ ਅਸਮਾਨਤਾ, ਗ਼ਰੀਬੀ, ਜਲਵਾਯੂ, ਵਾਤਾਵਰਨ ਦੀ ਗਿਰਾਵਟ, ਸ਼ਾਂਤੀ ਅਤੇ ਨਿਆਂ ਵਰਗੀਆਂ ਵਿਸ਼ਵ-ਵਿਆਪੀ ਚੁਨੌਤੀਆਂ ਤੇ ਡਾਟਾ ਇਕੱਠਾ ਕਰਦੇ ਹੋਏ ਚਰਚਾ ਕੀਤੀ ਗਈ। 

ਕੁਹੂ ਨੇ ਇਸ ਆਨਲਾਈਨ ਸੰਮੇਲਨ ਦੌਰਾਨ ਚਰਚਾ ਕਰਦੇ ਹੋਏ ਕਿਹਾ ਕਿ ਡਿਜੀਟਲ ਪਲੇਟਫ਼ਾਰਮ ਰਾਹੀਂ ਅੱਜ ਦੀ ਨੌਜਵਾਨ ਪੀੜੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਦੇ ਹੋਏ ਸਮਾਜ ਵਿਚ ਨਵੀ ਤਬਦੀਲੀ ਲਿਆ ਸਕਦੀ ਹੈ। ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਪਲੇਟਫ਼ਾਰਮ ਰਾਹੀਂ ਅੱਜ ਸਾਡੇ ਆਸ-ਪਾਸ ਫੈਲੀਆਂ ਕੁਰੀਤੀਆਂ ਜਾਂ ਕਿਸੇ ਤਰਾਂ ਦੀ ਅਸਮਾਜਕ ਸਥਿਤੀ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾ ਸਕਦਾ ਹੈ। ਅਪਣੀ ਚਰਚਾ ਦੌਰਾਨ ਕੁਹੂ ਨੇ ਕਿਹਾ ਕਿ ਅੱਜ ਵੀ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ, ਸ਼ਕਤੀ ਦੀ ਦੁਰਵਰਤੋਂ, ਹੋਮੋਫੋਬੀਆ ਅਤੇ ਇਸਲਾਮੋਫੋਬੀਆ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਲੋਕ ਵਿਚਾਰ ਕਰਨ ਤੋਂ ਗੁਰੇਜ਼ ਕਰਦੇ ਹਨ ਪਰ ਇਨ੍ਹਾਂ ਦੀ ਬਿਹਤਰੀਨ ਸਮਾਜ ਦੀ ਸਥਾਪਨਾ ਲਈ ਇਨ੍ਹਾਂ ਦੀ ਚਰਚਾ ਕਰਨਾ ਜ਼ਰੂਰੀ ਹੋ ਜਾਂਦਾ ਹੈ। 

ਕੁਹੂ ਅਨੁਸਾਰ ਅਸੀਂ ਸੋਸ਼ਲ ਮੀਡੀਆ ਰਾਹੀਂ ਬੋਲਣ ਅਤੇ ਪ੍ਰਗਟਾਵਾ ਕਰਨ ਦੀ ਆਜ਼ਾਦੀ ਦੇ ਅਪਣੇ ਅਧਿਕਾਰ ਦੀ ਵਰਤੋਂ ਕਰ ਕੇ ਸਮਾਜ ਨੂੰ ਸਹੀ ਸੇਧ ਦਿੰਦੇ ਹੋਏ ਯੂਨੀਸੈੱਫ਼ ਅਤੇ ਸਮਾਜ ਦੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ।  ਇਸ ਦੌਰਾਨ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਵਿਸ਼ਿਆਂ ’ਤੇ ਅਪਣੇ ਵਿਚਾਰ ਸਾਂਝੇ ਕੀਤੇ ਪਰ 12 ਸਾਲਾ ਬੱਚੀ ਕੁਹੂ ਵਲੋਂ ਸਮਾਜਕ ਮੁਸ਼ਕਲਾਂ ਨੂੰ ਇਕ ਪਲੇਟਫ਼ਾਰਮ ’ਤੇ ਲਿਆ ਕੇ ਲੋਕਾਂ ਦੀ ਸੋਚ ਨੂੰ ਇਕਮੁੱਠ ਕਰਨ ਦੀ ਗੱਲ ਨੂੰ ਸਭ ਨੇ ਬਹੁਤ ਪਸੰਦ ਕੀਤਾ।

ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਵਿਦਿਆਰਥਣ ਕੁਹੂ ਨੂੰ ਉਸ ਦੀ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਵਿਚ ਹਰ ਵਿਦਿਆਰਥੀ ਦੇ ਅੰਦਰ ਵਾਇਸ ਐਂਡ ਚੁਆਇਸ ਦਾ ਸੰਕਲਪ ਤਿਆਰ ਕੀਤਾ ਜਾਂਦਾ ਹੈ ਜਿਸ ਤਹਿਤ ਹਰ ਵਿਦਿਆਰਥੀ ਨੂੰ ਫ਼ੈਸਲੇ ਲੈਣ ਅਤੇ ਜ਼ਿੰਮੇਵਾਰੀ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਇਸੇ ਕੜੀ ਵਿਚ ਵਿਦਿਆਰਥਣ ਕੁਹੂ ਨੇ ਢਲਦੇ ਹੋਏ ਮਿਆਰੀ ਸਿਖਿਆ ਹਾਸਲ ਕਰਦੇ ਹੋਏ ਜੋ ਉਪਲਬਧੀ ਹਾਸਲ ਕੀਤੀ ਹੈ, ਉਸ ਲਈ ਉਹ ਵਧਾਈ ਦੀ ਪਾਤਰ ਹੈ। ਇਸ ਮੌਕੇ ਸਕੂਲ ਦੇ ਬਾਕੀ ਅਧਿਆਪਕਾਂ ਨੇ ਵੀ ਕੁਹੂ ਨੂੰ ਇਸ ਉਪਲਬਧੀ ਲਈ ਵਧਾਈ ਦਿਤੀ।