Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐੱਮ. ਕਾਮ ਕਰਨ ਤੋਂ ਬਾਅਦ ਪੀਐੱਚ.ਡੀ (ਵਿੱਤ) ਦੀ ਡਿਗਰੀ ਹਾਸਲ ਕੀਤੀ।

Eminent educationist Dr. Karamjit Singh additional charge of Vice-Chancellor of Punjabi University

 

Punjab News: ਉੱਘੇ ਸਿੱਖਿਆ ਸ਼ਾਸਤਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।  ਇਸ ਸਬੰਧੀ ਹੁਕਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜਾਰੀ ਕੀਤੇ ਗਏ ਹਨ। ਉਹ ਛੇ ਮਹੀਨੇ ਜਾਂ ਇਸ ਅਹੁਦੇ ਉੱਤੇ ਪੱਕੀ ਨਿਯੁਕਤੀ ਹੋਣ ਤੱਕ ਵਾਈਸ ਚਾਂਸਲਰ ਦਾ ਕੰਮ-ਕਾਜ ਸੰਭਾਲਣਗੇ।  

ਗੌਰਤਲਬ ਹੈ ਕਿ ਡਾ. ਕਰਮਜੀਤ ਸਿੰਘ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ , ਪਟਿਆਲਾ ਦੇ ਬਾਨੀ ਵਾਈਸ-ਚਾਂਸਲਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ 38 ਸਾਲ ਦਾ ਅਧਿਆਪਨ ਦਾ ਤਜਰਬਾ ਹੈ। ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਵਿੱਚ ਪੰਜ ਟੈਕਸਟ ਬੁੱਕ, ਤਿੰਨ ਸੰਪਾਦਿਤ ਪੁਸਤਕਾਂ ਅਤੇ 51 ਖੋਜ-ਪੱਤਰ ਸ਼ਾਮਿਲ ਹਨ। ਉਨ੍ਹਾਂ ਦੀ ਨਿਗਰਾਨੀ ਹੇਠ ਡੇਢ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਹੈ।  ਡਾ. ਕਰਮਜੀਤ ਸਿੰਘ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਲਾਈਫ਼ ਟਾਈਮ ਅਚੀਵਮੈਂਟ ਅਵਾਰਡ (2023) ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐੱਮ. ਕਾਮ ਕਰਨ ਤੋਂ ਬਾਅਦ ਪੀਐੱਚ.ਡੀ (ਵਿੱਤ) ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ 30 ਸਤੰਬਰ, 2018 ਤੋਂ 30 ਸਤੰਬਰ, 2020 ਤੱਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਬਤੌਰ ਰਜਿਸਟਰਾਰ ਦੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਤੋਂ ਇਲਾਵਾ ਉਹ ਵੱਖ ਵੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ ਉਹ ਯੂ.ਜੀ.ਸੀ. ਮਾਹਰ ਕਮੇਟੀ ਦੇ ਮੈਂਬਰ ਵੀ ਰਹੇ ਹਨ।

ਡਾ. ਕਰਮਜੀਤ ਸਿੰਘ ਇੰਡੀਅਨ ਅਕਾਊਂਟਿੰਗ ਐਸੋਸੀਏਸ਼ਨ(2017-18) ਦੇ ਪ੍ਰਧਾਨ ਵੀ ਰਹੇ ਅਤੇ ਇੰਡੀਅਨ ਕਾਮਰਸ ਐਸੋਸੀਏਸ਼ਨ ਵਲੋਂ 14 ਅਕਤੂਬਰ, 2017 ਨੂੰ ਜੈਪੁਰ ਵਿਖੇ ਉਨ੍ਹਾਂ ਨੂੰ ਸਰਵੋਤਮ ਬਿਜ਼ਨਸ ਅਕਾਦਮਿਕ ਐਵਾਰਡ 2017 ਨਾਲ਼ ਨਵਾਜ਼ਿਆ ਗਿਆ। ਉਹ ਹੋਰ ਵੱਖ-ਵੱਖ ਪ੍ਰਸ਼ਾਸਨਿਕ ਤੇ ਅਕਾਦਮਿਕ ਵਿਸ਼ੇਸ਼ਤਾਵਾਂ ਰਖਦੇ ਹਨ।