ਸਰਪੰਚ ਹਰਬਰਿੰਦਰ ਹੱਤਿਆ ਮਾਮਲਾ : ਤਰਨ ਤਾਰਨ ਪੁਲਿਸ ਨੇ ਦੋ ਵਿਅਕਤੀਆਂ ਦਾ ਕੀਤਾ ਐਨਕਾਊਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮਾਂ ਦੀ ਸ਼ਰਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਵਜੋਂ ਹੋਈ ਪਛਾਣ

Sarpanch Harbrinder murder case: Tarn Taran police encounter two persons

ਤਰਨ ਤਾਰਨ : ਤਰਨ ਤਾਰਨ ਦੇ ਸਿੱਧੂ ਫਾਰਮ ਵਿਖੇ ਬੀਤੇ ਦਿਨੀਂ ਇਕ ਵਿਆਹ ਸਮਾਗਮ ਦੌਰਾਨ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਤਰਨ ਤਰਨ ਪੁਲਿਸ ਨੇ ਦੋ ਵਿਅਕਤੀਆਂ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨ ਤਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਰਪੰਚ ਹੱਤਿਆ ਮਾਮਲੇ ਵਿਚ ਥਾਣਾ ਸਰਹਾਲੀ ਅਤੇ ਏ.ਜੀ.ਟੀ.ਐਫ. ਦੀ ਟੀਮ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਜਦ ਪਿੰਡ ਨੌਸ਼ਹਿਰਾ ਪੰਨੂਆ ਦੇ ਸੂਏ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੂੰ ਪੁਲਿਸ ਨੇ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ। 
ਜਵਾਬੀ ਕਾਰਵਾਈ ਵਿਚ ਵੀ ਪੁਲਿਸ ਵਲੋਂ ਉਕਤ ਮੋਟਰਸਾਈਕਲ ਸਵਾਰਾਂ 'ਤੇ ਗੋਲੀ ਚਲਾਈ ਗਈ । ਉਕਤ ਮੋਟਰਸਾਈਕਲ ਸਵਾਰਾਂ ਵਿਚੋਂ ਇਕ ਨੌਜਵਾਨ ਦੀ ਲੱਤ ਅਤੇ ਦੂਜੇ ਨੌਜਵਾਨ ਦੇ ਗੋਡੇ 'ਤੇ ਗੋਲੀ ਲੱਗੀ, ਜਿਨਾਂ ਨੂੰ ਪੁਲਿਸ ਵਲੋਂ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਾਇਆ ਗਿਆ। ਕਾਬੂ ਕੀਤੇ ਉਕਤ ਨੌਜਵਾਨਾਂ ਦੀ ਪਛਾਣ ਸ਼ਰਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਦੋਵੇਂ ਵਾਸੀ ਚੋਹਲਾ ਸਾਹਿਬ ਵਜੋਂ ਹੋਈ।ਐਸ.ਐਸ.ਪੀ ਨੇ ਦੱਸਿਆ ਕਿ ਸਿੱਧੂ ਫਾਰਮ ਸਰਪੰਚ ਹੱਤਿਆ ਮਾਮਲੇ ਵਿਚ ਜਿਹੜੀ ਚਾਰ ਸ਼ੂਟਰਾਂ ਵਲੋਂ ਗੋਲੀ ਚਲਾਈ ਗਈ ਸੀ, ਉਨ੍ਹਾਂ ਵਿਚ ਸ਼ਰਨਪ੍ਰੀਤ ਸਿੰਘ ਮੁੱਖ ਦੋਸ਼ੀ ਸੀ, ਜਿਹੜਾ ਉਸ ਸਮੇਂ ਸ਼ੂਟਰਾਂ ਦੇ ਨਾਲ ਮੌਜੂਦ ਸੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਹੋਰ ਪੁੱਛਗਿਛ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।