ਬਾਦਲਾਂ ਦੇ ਗੜ੍ਹ 'ਚ ਵਿਜੀਲੈਂਸ ਨੇ ਲਗਾਏ ਸ਼ਿਕਾਇਤ ਬਕਸੇ
ਕਰੀਬ 1300 ਰੁਪਏ ਦੀ ਲਾਗਤ ਵਾਲੇ ਇਨ੍ਹਾਂ ਸ਼ਿਕਾਇਤ ਬਕਸਿਆਂ 'ਤੇ ਚੇਤਾਵਨੀ ਬੋਰਡਾਂ ਨੂੰ ਲੈ ਕੇ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਘਬਰਾਹਟ ਪਾਈ ਜਾ ਰਹੀ ਹੈ
ਬਠਿੰਡਾ, 18 ਅਗੱਸਤ (ਸੁਖਜਿੰਦਰ ਮਾਨ) : ਭ੍ਰਿਸਟਾਚਾਰ 'ਤੇ ਨਕੇਲ ਕਸਣ ਲਈ ਵਿਜੀਲੈਂਸ ਨੇ ਬਾਦਲਾਂ ਦੇ ਗੜ੍ਹ 'ਚ ਜਨਤਕ ਡੀਲਿੰਗ ਵਾਲੇ ਦਫ਼ਤਰਾਂ ਵਿਚ ਸ਼ਿਕਾਇਤ ਬਕਸੇ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸ਼ਿਕਾਇਤ ਬਕਸਿਆਂ ਦੇ ਨਾਲ ਹੀ ਵਿਜੀਲੈਂਸ ਵਲੋਂ ਚੇਤਾਵਨੀ ਬੋਰਡ ਛਪਵਾਏ ਗਏ ਹਨ। ਇਨ੍ਹਾਂ ਬਕਸਿਆਂ ਦੀ ਚਾਬੀ ਐਸ.ਐਸ.ਪੀਜ਼ ਦੇ ਦਫ਼ਤਰ 'ਚ ਮੌਜੂਦ ਰਹੇਗੀ। ਕਰੀਬ ਇਕ ਹਫ਼ਤੇ ਤੋਂ ਬਾਅਦ ਇਨ੍ਹਾਂ ਬਕਸਿਆਂ ਨੂੰ ਵਿਜੀਲੈਂਸ ਦੇ ਕਰਮਚਾਰੀਆਂ ਵਲੋਂ ਖੋਲਿਆ ਜਾਵੇਗਾ ਅਤੇ ਇਨ੍ਹਾਂ ਬਕਸਿਆਂ 'ਚ ਆਈਆਂ ਸ਼ਿਕਾਇਤਾਂ ਉਪਰ ਕਾਰਵਾਈ ਕੀਤੀ ਜਾਵੇਗੀ।
ਵੱਡੀ ਗੱਲ ਇਹ ਹੈ ਕਿ ਕੋਈ ਵੀ ਸ਼ਿਕਾਇਤਕਰਤਾ ਇਨ੍ਹਾਂ ਬਕਸਿਆਂ 'ਚ ਅਪਣੇ ਨਾਮ ਜਾਂ ਬਿਨਾਂ ਨਾਮ ਤੋਂ ਵੀ ਭ੍ਰਿਸ਼ਟਾਚਾਰ ਅਧਿਕਾਰੀ ਜਾਂ ਕਰਮਚਾਰੀ ਬਾਰੇ ਲਿਖਤੀ ਸ਼ਿਕਾਇਤ ਪਾ ਸਕਦਾ ਹੈ। ਕਰੀਬ 1300 ਰੁਪਏ ਦੀ ਲਾਗਤ ਵਾਲੇ ਇਨ੍ਹਾਂ ਸ਼ਿਕਾਇਤ ਬਕਸਿਆਂ 'ਤੇ ਚੇਤਾਵਨੀ ਬੋਰਡਾਂ ਨੂੰ ਲੈ ਕੇ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਘਬਰਾਹਟ ਪਾਈ ਜਾ ਰਹੀ ਹੈ। ਬਠਿੰਡਾ ਰੇਂਜ ਦੇ ਇਸ ਨਿਵੇਕਲੇ ਉਪਰਾਲੇ ਦੀ ਸਰਕਾਰ ਨੇ ਵੀ ਸ਼ਲਾਘਾ ਕੀਤੀ ਹੈ ਅਤੇ ਇਸ ਕੰਮ ਲਈ ਥਾਪੜਾ ਦਿਤਾ ਹੈ। ਹਰ ਇਕ ਵਿਅਕਤੀ ਦੀ ਵਿਜੀਲੈਂਸ ਤਕ ਸਿੱਧੀ ਪਹੁੰਚ ਨਾ ਹੋਣ ਕਾਰਨ ਅਧਿਕਾਰੀਆਂ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਤਹਿਤ ਰੇਂਜ ਅਧੀਨ ਆÀੁਂਦੇ ਬਠਿੰਡਾ, ਮਾਨਸਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਪਬਲਿਕ ਡੀਲਿੰਗ ਵਾਲੇ ਦਫ਼ਤਰਾਂ, ਤਹਿਸੀਲਾਂ, ਪਟਵਾਰਖ਼ਾਨੇ, ਨਗਰ ਨਿਗਮ, ਨਗਰ ਕੌਂਸਲਾਂ, ਬਿਜਲੀ ਘਰ, ਪੁਲਿਸ ਥਾਣਿਆਂ ਅਤੇ ਹਸਪਤਾਲਾਂ ਆਦਿ 'ਚ ਇਹ ਚੇਤਾਵਨੀ ਬੋਰਡ ਅਤੇ ਸ਼ਿਕਾਇਤ ਬਕਸੇ ਲਗਾਏ ਜਾ ਰਹੇ ਹਨ। ਵਿਜੀਲੈਂਸ ਦੇ ਇਨ੍ਹਾਂ ਚੇਤਾਵਨੀ ਬੋਰਡਾਂ 'ਚ ਸਪੱਸ਼ਟ ਤੌਰ 'ਤੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਲਿਖਿਆ ਹੈ ਕਿ ''ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਜਾਂ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਅਪਣੀ ਸ਼ਿਕਾਇਤ ਬਾਕਸ ਵਿਚ ਪਾਉਣ ਲਈ ਕਿਹਾ ਗਿਆ ਹੈ।'' ਵਿਜੀਲੈਂਸ ਵਿਭਾਗ ਨੇ ਇਸ ਚੇਤਾਵਨੀ ਬੋਰਡ 'ਚ ਦਫ਼ਤਰ ਦਾ ਨੰਬਰ ਵੀ ਦਿਤਾ ਹੈ। ਗੌਰਤਲਬ ਹੈ ਕਿ ਜਨਤਕ ਸਥਾਨਾਂ 'ਤੇ ਅਜਿਹੇ ਬੋਰਡ ਲੱਗਣ ਕਾਰਨ ਅਫ਼ਸਰਾਂ ਅਤੇ ਕਰਮਚਾਰੀਆਂ 'ਚ ਭੈਅ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਰਿਸ਼ਵਤ ਲੈਣ ਤੋਂ ਡਰਦੇ ਹਨ।