ਭਾਈ ਗੁਰਬਖਸ਼ ਸਿੰਘ ਖ਼ਾਲਸਾ ਦਾ ਅਜੇ ਨਹੀਂ ਹੋਵੇਗਾ ਅੰਤਮ ਸਸਕਾਰ
ਭਾਈ ਗੁਰਬਖਸ਼ ਸਿੰਘ ਖ਼ਾਲਸਾ ਦਾ ਅਜੇ ਨਹੀਂ ਹੋਵੇਗਾ ਅੰਤਮ ਸਸਕਾਰ
ਕੁਰੂਕਸ਼ੇਤਰ : ਸਿੱਖ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਅੰਤਮ ਸਸਕਾਰ ਉਦੋਂ ਤਕ ਨਹੀਂ ਕੀਤਾ ਜਾਵੇਗਾ ਜਦੋਂ ਤਕ ਪ੍ਰਸਾਸ਼ਨ ਵਲੋਂ ਉਨ੍ਹਾਂ ਦੋ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਜੋ ਭਾਈ ਖ਼ਾਲਸਾ ਦੀ ਮੌਤ ਲਈ ਜ਼ਿੰਮੇਵਾਰ ਹਨ।
ਦੱਸ ਦੇਈਏ ਕਿ ਸਿੱਖ ਸੰਗਤ ਉਨ੍ਹਾਂ ਪੁਲਿਸ ਮੁਲਾਜ਼ਮ ਦੀ ਮੁਅੱਤਲੀ ਨੂੰ ਲੈ ਕੇ ਅੜੀ ਹੋਈ ਹੈ। ਅਜੇ ਭਾਈ ਖ਼ਾਲਸਾ ਦੀ ਮ੍ਰਿਤਕ ਦੇਹ ਫ਼ਰੀਜ਼ਰ 'ਚ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਹੋਈ ਹੈ। ਸਿੱਖ ਸੰਗਤ ਦਾ ਕਹਿਣਾ ਹੈ ਕਿ ਜੇ ਦੋਸ਼ੀ ਪੁਲਿਸ ਅਧਿਕਾਰੀ ਮੁਅੱਤਲ ਨਾ ਹੋਏ ਤਾਂ 29 ਮਾਰਚ ਤੋਂ ਬਾਅਦ ਭਾਈ ਖ਼ਾਲਸਾ ਦੀ ਮ੍ਰਿਤਕ ਦੇਹ ਸਮੇਤ ਦੇਸ਼ ਭਰ 'ਚ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਹ ਫ਼ੈਸਲਾ ਰਾਤ 1 ਵਜੇ ਸਿੱਖ ਜਥੇਬੰਦੀਆਂ ਵਲੋਂ ਪਿੰਡ ਠਸਕਾਅਲੀ 'ਚ ਲਿਆ ਗਿਆ ਹੈ।
ਇਹ ਵੀ ਖ਼ਬਰ ਮਿਲ ਰਹੀ ਹੈ ਕਿ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਮੌਤ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਵਿਰੁਧ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪਰ ਹੁਣ ਸਸਕਾਰ ਅੱਜ ਹੋਵੇਗਾ ਜਾਂ ਨਹੀਂ, ਇਸ ਬਾਰੇ ਫਿਲਹਾਲ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।
ਦੱਸ ਦੇਈਏ ਕਿ ਭਾਈ ਖ਼ਾਲਸਾ ਨੇ ਮੰਗਲਵਾਰ ਦੁਪਹਿਰ ਕਰੀਬ ਇੱਕ ਵਜੇ ਆਪਣੇ ਜੱਦੀ ਪਿੰਡ ਠਸਕਾ ਅਲੀ ਜ਼ਿਲ੍ਹਾ ਕੁਰੂਕਸ਼ੇਤਰ ’ਚ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਤੇ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਮੌਕੇ ‘ਤੇ ਪੁੱਜੀ। ਪਰਿਵਾਰ ਮੁਤਾਬਿਕ ਮੌਕੇ ‘ਤੇ ਪੁੱਜੇ ਡੀਐਸਪੀ ਧੀਰਜ ਕੁਮਾਰ ਨੇ ਟੈਂਕੀ ਤੋਂ ਹੇਠਾਂ ਉਤਰਨ ਲਈ ਉਨ੍ਹਾਂ ‘ਤੇ ਦਬਾਅ ਬਣਾਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਵਾਰ-ਵਾਰ ਕਹਿਣ ‘ਤੇ ਵੀ ਪੁਲਿਸ ਅਧਿਕਾਰੀ ਨਹੀਂ ਮੰਨੇ ਤੇ ਦੇਰ ਸ਼ਾਮ 7.15 ਵਜੇ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਟੈਂਕੀ ਤੋਂ ਛਾਲ ਲਗਾ ਦਿੱਤੀ ਸੀ। ਪੁਲਿਸ ਨੇ ਭਾਈ ਗੁਰਬਖ਼ਸ਼ ਸਿੰਘ ਨੂੰ ਗੱਡੀ ’ਚ ਪਾਇਆ ਤੇ ਕੁਰੂਕਸ਼ੇਤਰ ਦੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਭਾਈ ਖ਼ਾਲਸਾ ਨੂੰ ਮ੍ਰਿਤਕ ਐਲਾਨ ਦਿੱਤਾ ਸੀ।