ਕੈਪਟਨ ਸਰਕਾਰ ਨੇ ਬਾਦਲ ਹਕੂਮਤ ਵਲੋਂ ਕੀਤੇ ਕੰਮਾਂ 'ਤੇ ਮੋਹਰ ਲਾਈ : ਮਜੀਠੀਆ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਬਾਦਲ ਹਕੂਮਤ ਦੇ ਨਕਸ਼ੇ ਕਦਮਾਂ 'ਤੇ ਚਲ ਰਹੀ ਹੈ।
ਅੰਮ੍ਰਿਤਸਰ, 18 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਬਾਦਲ ਹਕੂਮਤ ਦੇ ਨਕਸ਼ੇ ਕਦਮਾਂ 'ਤੇ ਚਲ ਰਹੀ ਹੈ। ਮਜੀਠੀਆ ਮੁਤਾਬਕ ਇਸ ਤੱਥ ਨੂੰ ਕੋਈ ਨਹੀਂ ਝੁਠਲਾ ਸਕਦਾ ਕਿ ਵੰਡ ਮਿਊਜ਼ੀਅਮ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਤਿਆਰ ਕਰਵਾਇਆ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਵੰਡ ਤੋਂ 69 ਸਾਲ ਮਗਰੋਂ ਉਲਡ ਟਾਊਨ ਹਾਲ ਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਬਣਵਾ ਕੇ ਇਹ ਇਮਾਰਤ ਮਿਊਜ਼ੀਅਮ ਬਣਾਉਣ ਲਈ ਇਕ ਟਰੱਸਟ ਨੂੰ ਸੌਂਪ ਦਿਤੀ ਸੀ।
ਸ. ਬਾਦਲ ਨੇ 24 ਅਕਤੂਬਰ 2016 ਨੂੰ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਸੀ। ਭਾਵੇਂ ਕਿ ਅੱਜ ਇਸੇ ਪ੍ਰਾਜੈਕਟ ਦਾ ਦੁਬਾਰਾ ਉਦਘਾਟਨ ਕੀਤਾ ਗਿਆ ਹੈ, ਪਰ ਸਾਨੂੰ ਕੋਈ ਨਾਰਾਜ਼ਗੀ ਨਹੀਂ ਹੈ। ਅਸੀਂ ਤਾਂ ਖ਼ੁਸ਼ ਹਾਂ ਕਿ ਸਾਡੇ ਵਲੋਂ ਕੀਤੇ ਕੰਮ ਨੂੰ ਨਾ ਸਿਰਫ਼ ਇਕ ਪਹਿਚਾਣ ਮਿਲੀ ਹੈ, ਸਗੋਂ ਕਾਂਗਰਸ ਸਰਕਾਰ ਨੇ ਇਸ 'ਤੇ ਅਪਣੀ ਮਾਲਕੀ ਸਾਂਭ ਲਈ ਹੈ। ਉਹ ਇਸ ਪ੍ਰਾਜੈਕਟ 'ਤੇ ਅਪਣਾ ਦਾਅਵਾ ਜਿਤਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੀ ਵਾਂਗਡੋਰ ਸੰਭਾਲਦੇ ਹੀ ਇਕ ਚੰਗੀ ਸ਼ੁਰੂਆਤ ਇਹ ਕੀਤੀ ਸੀ, ਜਦੋਂ ਉਨ੍ਹਾਂ ਨੇ ਮੁੰਬਈ ਵਿਚ ਕਾਰਪੋਰੇਟ ਦੇ ਮੋਹਰੀ ਕਾਰੋਬਾਰੀਆਂ ਨਾਲ ਮੁਲਾਕਾਤ ਸਮੇਂ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੇ ਕੰਮਾਂ ਦੀ ਵਡਿਆਈ ਕੀਤੀ ਸੀ। ਕੈਪਟਨ ਨੇ ਪਿਛਲੀ ਸਰਕਾਰ ਵਲੋਂ ਬਣਾਏ ਪੰਜਾਬ ਨਿਵੇਸ਼ ਵਿਭਾਗ ਦੇ ਉਪਰਾਲਿਆਂ ਦੀ ਤਾਰੀਫ਼ ਕਰਨ ਤੋਂ ਇਲਾਵਾ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਵਾਲੀ ਪ੍ਰਾਪਤੀ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵਲੋਂ ਕੀਤੇ ਹੋਏ ਹੋਰ ਬਹੁਤ ਸਾਰੇ ਉਪਰਾਲਿਆਂ ਨੂੰ ਅਗਲੇ ਕੁੱਝ ਮਹੀਨਿਆਂ ਵਿਚ ਬੂਰ ਪੈ ਜਾਵੇਗਾ। ਸਾਨੂੰ ਖ਼ੁਸ਼ੀ ਹੈ ਕਿ ਸਰਕਾਰ ਨੇ ਲਗਭਗ 30 ਹਜ਼ਾਰ ਕਰੋੜ ਦੀ ਲਾਗਤ ਵਾਲੇ ਇਨ੍ਹਾਂ ਸਾਰੇ ਸੜਕੀ ਪ੍ਰਾਜੈਕਟਾਂ ਦੀ ਮਾਲਕੀ ਸਾਂਭ ਲਈ ਹੈ। ਉਨ੍ਹਾਂ ਨੂੰ ਪੰਜਾਬ ਦੀ ਕਾਮਯਾਬੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਇਹ ਸਾਰਾ ਕੁੱਝ ਹੋਣ ਦੇ ਨਾਲ-ਨਾਲ ਇਥੇ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੱਧੂ ਵਰਗੇ ਵੀ ਕੁੱਝ ਵਿਅਕਤੀ ਹਨ, ਜਿਹੜੇ ਇਸ ਵਿਕਾਸ ਨੂੰ ਲੀਹੋਂ ਲਾਹ ਦੇਣਾ ਚਾਹੁੰਦੇ ਹਨ। ਸਿੱਧੂ ਨੇ ਪਿਛਲੇ 5 ਮਹੀਨਿਆਂ ਦੌਰਾਨ ਸਵਾਏ ਨੁਕਸਦਾਰ ਫ਼ਾਇਰ ਵਾਹਨਾਂ ਨੂੰ ਹਰੀ ਝੰਡੀ ਵਿਖਾਉਣ ਤੋਂ ਹੋਰ ਕੋਈ ਕੰਮ ਨਹੀਂ ਕੀਤਾ ਹੈ। ਉਸ ਨੇ ਨਾਮੀ ਸਮਾਰਕ ਵਿਰਾਸਤ-ਏ-ਖ਼ਾਲਸਾ ਨੂੰ ਚਿੱਟਾ ਹਾਥੀ ਕਹਿ ਕੇ ਅਪਣੀ ਜੱਗ ਹੱਸਾਈ ਕਰਵਾਈ ਹੈ। ਸਿੱਧੂ ਦੇ ਸਨਕੀਪੁਣੇ ਨੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਚਾਰ ਸ਼ਹਿਰਾਂ ਦੇ ਕੰਮ ਠੱਪ ਕਰਵਾਏ।
ਨਵੀਂ ਸਰਕਾਰ ਨੂੰ ਸੂਬੇ ਦੀ ਵਾਂਗਡੋਰ ਸੰਭਾਲਿਆਂ 5 ਮਹੀਨੇ ਹੋ ਚੁੱਕੇ ਹਨ, ਪਰ ਇਸ ਨੇ ਅਜੇ ਤਕ ਅਪਣੇ ਵਲੋਂ ਕਿਸੇ ਇਕ ਵੀ ਉਦਮ ਦਾ ਐਲਾਨ ਨਹੀਂ ਕੀਤਾ ਹੈ। ਕ੍ਰਿਪਾ ਕਰ ਕੇ ਪੰਜਾਬ ਦੀ ਭਲਾਈ ਲਈ ਵੀ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰੋ।