ਪੰਜਾਬ ਸਰਕਾਰ ਵਲੋਂ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਛੁੱਟੀ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਲੋਕਾਂ ਵਲੋਂ ਉਠਾਈ ਜਾ ਰਹੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ। ਹੁਣ ਪੰਜਾਬ ਸਰਕਾਰ ਨੇ 23 ਮਾ

Shaheed Bhagat Singh martyrdom day

ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕਾਂ ਵਲੋਂ ਉਠਾਈ ਜਾ ਰਹੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ। ਹੁਣ ਪੰਜਾਬ ਸਰਕਾਰ ਨੇ 23 ਮਾਰਚ ਦਿਨ ਸ਼ੁੱਕਰਵਾਰ ਨੂੰ ਛੁੱਟੀ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਹੈ।

ਇਸ ਫ਼ੈਸਲੇ ਦੇ ਅਨੁਸਾਰ, ਸਾਰੇ ਸਰਕਾਰੀ ਦਫ਼ਤਰ ਜਿਵੇਂ ਕਿ ਬਿਜਲੀ ਬੋਰਡ, ਨਗਰ ਨਿਗਮ, ਵਿਦਿਅਕ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਅਧੀਨ ਹੋਰ ਜਨਤਕ ਇਕਾਈਆਂ 23 ਮਾਰਚ ਨੂੰ ਬੰਦ ਰਹਿਣਗੀਆਂ ਅਤੇ ਬੈਂਕਾਂ 'ਚ ਕੋਈ ਛੁੱਟੀ ਨਹੀਂ ਹੋਵੇਗੀ।

ਸਰਦਾਰ ਭਗਤ ਸਿੰਘ (28 ਸਤੰਬਰ 1907 – 23 ਮਾਰਚ, 1931) ਦੇਸ਼ ਦੀ ਆਜ਼ਾਦੀ ਦੇ ਕੌਮੀ ਹੀਰੇ ਸਨ, ਜਿਨ੍ਹਾਂ ਨੇ ਆਜ਼ਾਦੀ ਸੰਘਰਸ਼ ਵਿਚ ਅਪਣਾ ਵਡਮੁੱਲਾ ਯੋਗਦਾਨ ਪਾਇਆ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ 'ਚੋਂ ਇੱਕ ਸਨ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। ਭਗਤ ਸਿੰਘ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਲਾਹੌਰ ਵਿਚਲਾ ਘਰ ਛੱਡ ਕੇ ਕਾਨਪੁਰ ਚਲੇ ਗਏ।  1927 ਵਿਚ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ 'ਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹਿਆ ਗਿਆ। 

ਜੇਲ੍ਹ ਵਿਚ ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ 'ਤੇ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ ਸੀ। ਸਤੰਬਰ 1928 ਵਿਚ ਭਗਤ ਸਿੰਘ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨਾਂ ਨੂੰ ਤਿਆਰ ਕਰਨਾ ਸੀ।

ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਭਗਤ ਸਿੰਘ ਨੇ ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ ਵਿਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲ ਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। ਭਗਤ ਸਿੰਘ ਨੂੰ ਅੰਗਰੇਜ਼ ਸਰਕਾਰ ਨੇ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ 'ਤੇ ਲਟਕਾ ਦਿਤਾ ਸੀ।