ਸੁਖਬੀਰ ਬਾਦਲ ਦਾ ਹਿੰਦੁਸਤਾਨ 'ਤੇ ਦੇਸ਼ ਵਿਰੋਧੀ ਬਿਆਨ, ਮੋਦੀ ਤਕ ਪਹੁੰਚੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ 18 ਮਾਰਚ ਨੂੰ ਜਲੰਧਰ 'ਚ ਗੁਰੂ ਗੋਬਿੰਦ ਐਵੇਨਿਊ 'ਚ ਭਾਜਪਾ-ਅਕਾਲੀ ਦਲ ਦੀ 'ਵਜਾਓ ਢੋਲ ਖੋਲ੍ਹੋ ਪੋਲ' ਰੈਲੀ ਕੱਢੀ ਗਈ ਸੀ। ਇਸ 'ਚ ਸਾਬਕਾ ਉੱਪ ਮੁੱਖ ਮੰਤਰੀ...

suklhbir badal

ਜਲੰਧਰ : ਬੀਤੀ 18 ਮਾਰਚ ਨੂੰ ਜਲੰਧਰ 'ਚ ਗੁਰੂ ਗੋਬਿੰਦ ਐਵੇਨਿਊ 'ਚ ਭਾਜਪਾ-ਅਕਾਲੀ ਦਲ ਦੀ 'ਵਜਾਓ ਢੋਲ ਖੋਲ੍ਹੋ ਪੋਲ' ਰੈਲੀ ਕੱਢੀ ਗਈ ਸੀ। ਇਸ 'ਚ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ, ਵਿਜੇ ਸਾਂਪਲਾ, ਬਿਕਰਮ ਮਜੀਠੀਆ ਸਮੇਤ ਕਈ ਅਕਾਲੀ ਆਗੂਆਂ ਵਲੋਂ ਹਿੱਸਾ ਲਿਆ ਗਿਆ ਸੀ। ਇਥੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਹਿੰਦੁਸਤਾਨ 'ਤੇ ਦੇਸ਼ ਵਿਰੋਧੀ ਬਿਆਨ ਦੇ ਦਿਤਾ, ਜਿਸ ਨੂੰ ਲੈ ਕੇ ਉਹ ਬੁਰੇ ਫੱਸ ਗਏ।

ਉਨ੍ਹਾਂ ਨੇ ਦੇਸ਼ ਵਿਰੋਧੀ ਬਿਆਨ ਦਿੰਦੇ ਹੋਏ ਕਿਹਾ ਸੀ, ''ਹਿੰਦੁਸਤਾਨ ਰਹੇ ਨਾ ਰਹੇ, ਅਸੀਂ ਤਾਂ ਇਕੱਠੇ ਰਹਿਣਾ।'' ਇਸੇ ਬਿਆਨ ਨੂੰ ਲੈ ਕੇ ਸੁਖਬੀਰ ਬਾਦਲ ਵਿਰੁਧ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਇਸ ਪ੍ਰੈਸੀਡੈਂਟ ਹਿਮਾਂਸ਼ੂ ਪਾਠਕ ਵਲੋ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਦੇ ਕੋਲ ਸ਼ਿਕਾਇਤ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਇਸ ਵਿਸ਼ੇ 'ਤੇ ਇਕ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜਿਆ ਗਿਆ ਹੈ। 

ਉਨ੍ਹਾਂ ਵਲੋਂ ਦਿਤੀ ਗਈ ਸ਼ਿਕਾਇਤ 'ਚ ਲਿੱਖਿਆ ਗਿਆ ਹੈ ਕਿ ਸੁਖਬੀਰ ਬਾਦਲ ਨੇ 18 ਮਾਰਚ ਨੂੰ ਜਲੰਧਰ 'ਚ ਕੀਤੀ ਗਈ ਰੈਲੀ 'ਚ ਕਿਹਾ ਸੀ, ''ਹਿੰਦੁਸਤਾਨ ਰਹੇ ਨਾ ਰਹੇ, ਅਸੀਂ ਤਾਂ ਇਕੱਠੇ ਰਹਿਣਾ।'' ਸੁਖਬੀਰ ਵਲੋਂ ਦਿਤੇ ਗਏ ਇਸ ਬਿਆਨ ਦੀ ਪਾਠਕ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਸੁਖਬੀਰ ਨੇ ਅਜਿਹਾ ਕਹਿ ਕੇ ਹਿੰਦੁਸਤਾਨ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਇਹ ਬਿਆਨ ਭਾਵੁਕ ਹੋ ਕੇ ਦਿਤਾ ਹੈ ਤਾਂ ਉਨ੍ਹਾਂ ਨੂੰ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਜੇਕਰ ਉਹ ਸਮਝਦੇ ਹਨ ਕਿ ਇਹ ਬਿਆਨ ਭਾਵੁਕ ਹੋ ਕੇ ਨਹੀਂ ਦਿਤਾ ਤਾਂ ਉਨ੍ਹਾਂ ਦੇ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਦੇਸ਼ ਨਾਲ ਹਾਂ ਅਤੇ ਦੇਸ਼ ਸਾਡਾ ਹੈ, ਇਸ ਤੋਂ ਉੱਪਰ ਕੁਝ ਵੀ ਨਹੀਂ ਹੈ।  ਸੁਖਬੀਰ ਬਾਦਲ ਦੇ ਇਸ ਬਿਆਨ ਨੇ ਦੇਸ਼ ਦੀ ਹੋਂਦ ਨੂੰ ਖਤਰੇ 'ਚ ਪਾਇਆ ਹੈ ਅਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਲਈ ਦੇਸ਼ ਤੋਂ ਵੀ ਉੱਪਰ ਦਾ ਗਠਜੋੜ ਹੈ। ]

ਜੇ. ਐਨ. ਯੂ. ਵਿਦਿਆਰਥੀ ਕਨੱਈਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਹੋਰ ਅਜਿਹਾ ਬਿਆਨ ਦਿੰਦਾ ਹੈ ਤਾਂ ਉਸ ਦੇ ਵਿਰੁਧ ਕਾਰਵਾਈ ਹੁੰਦੀ ਹੈ ਪਰ ਉਨ੍ਹਾਂ ਦੇ ਗਠਜੋੜ ਦੇ ਨੇਤਾ ਨੇ ਅਜਿਹਾ ਬਿਆਨ ਦਿਤਾ ਤਾਂ ਕੀ ਉਨ੍ਹਾਂ 'ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਚਾਹੁੰਦੀ ਹੈ ਤਾਂ ਮੈਂ ਇਸ ਬਿਆਨ ਦੀ ਵੀਡੀਓ ਵੀ ਪੇਸ਼ ਕਰ ਸਕਦਾ ਹੈ।