85 ਸਾਲਾਂ ਬਜ਼ੁਰਗ ਔਰਤ ਦਾ ਬਲਾਤਕਾਰ ਮਗਰੋਂ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20 ਮਾਰਚ ਨੂੰ ਦੋਸ਼ੀ ਵਲੋਂ ਇਸ ਸ਼ਰਮਨਾਕ ਘਟਨਾ ਨੂੰ ਦਿਤਾ ਗਿਆ ਅੰਜਾਮ

Arrest in Rape Case

ਗੁਰਦਾਸਪੁਰ : 85 ਸਾਲਾਂ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਮਗਰੋਂ ਉਸ ਦਾ ਕਤਲ ਕਰਨ ਵਾਲੇ ਪਰਵਾਸੀ ਮਜ਼ਦੂਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਫ਼ਰਾਰ ਸੀ। ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੈਣੀ ਮੀਆ ਖਾਂ ਪੁਲਿਸ ਸਟੇਸ਼ਨ ਦੇ ਪਿੰਡ ਵਿਚ ਇਕ 85 ਸਾਲਾਂ ਬਜ਼ੁਰਗ ਵਿਧਵਾ ਔਰਤ ਘਰ ਵਿਚ ਇਕੱਲੀ ਰਹਿੰਦੀ ਸੀ ਅਤੇ ਉਸ ਦੇ ਪੁੱਤਰ ਪਿੰਡ ਵਿਚ ਹੀ ਵੱਖਰੇ ਰਹਿੰਦੇ ਸਨ।

ਜ਼ਿਕਰਯੋਗ ਹੈ ਕਿ 20 ਮਾਰਚ ਨੂੰ ਜਦੋਂ ਇਕ ਪੁੱਤਰ ਅਪਣੀ ਮਾਂ ਨੂੰ ਸਵੇਰੇ ਖਾਣਾ ਦੇਣ ਲਈ ਆਇਆ ਤਾਂ ਉਸ ਦੀ ਮਾਂ ਮਰੀ ਪਈ ਸੀ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਮੌਕੇ ਉਤੇ ਪਹੁੰਚ ਕੇ ਪਾਇਆ ਕਿ ਬਜ਼ੁਰਗ ਔਰਤ ਨਾਲ ਕਿਸੇ ਨੇ ਜਬਰ-ਜਨਾਹ ਕਰਕੇ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਮੌਕੇ ਉਤੇ ਪਾਏ ਗਏ ਕੁਝ ਸਬੂਤਾਂ ਦੇ ਆਧਾਰ ਉਤੇ ਦੋਸ਼ੀ ਦੀ ਪਹਿਚਾਣ ਸਤਿੰਦਰ ਰਾਊਤ ਪੁੱਤਰ ਰਾਮ ਦੇਵ ਨਿਵਾਸੀ ਗਡਹੇਇਆਂ ਡੁਮਰਿਆ ਜ਼ਿਲ੍ਹਾ ਸਰਲਾਹੀ ਹਾਲ ਨਿਵਾਸੀ ਟਿਊਬਵੈਲ ਸੀਤਲ ਸਿੰਘ ਦੇ ਰੂਪ ਵਿਚ ਹੋਈ ਸੀ ਪਰ ਦੋਸ਼ੀ ਘਟਨਾ ਵਾਲੇ ਦਿਨ ਤੋਂ ਹੀ ਫ਼ਰਾਰ ਸੀ।

ਭੈਣੀ ਮੀਆ ਖਾਂ ਪੁਲਿਸ ਸਟੇਸ਼ਨ ਇੰਚਾਰਜ ਹਰਕੀਰਤ ਸਿੰਘ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਕਿਸੇ ਨੇ ਪੁਲਿਸ ਨੂੰ ਸੂਚਨਾ ਦਿਤੀ ਕਿ ਉਕਤ ਮੁਲਜ਼ਮ ਪਿੰਡ ਝੰਡਾ ਲੁਭਾਣਾ ਬੱਸ ਅੱਡੇ ਉਤੇ ਖੜ੍ਹਾ ਹੈ ਅਤੇ ਬੱਸ ਦੀ ਉਡੀਕ ਕਰ ਰਿਹਾ ਹੈ। ਸੂਚਨਾ ਦੇ ਆਧਾਰ ਉਤੇ ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਝੰਡਾ ਲੁਭਾਣਾ ਬੱਸ ਅੱਡੇ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।