ਸਿੱਖ ਕੌਮ ਲਈ ਜਥੇਦਾਰ ਹਰਪ੍ਰੀਤ ਸਿੰਘ ਦਾ ਸੰਦੇਸ਼, ਪੀੜਤਾਂ ਲਈ ਖੋਲ੍ਹੇ ਜਾਣ ਗੋਲਕਾਂ ਦੇ ਮੂੰਹ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਲਚਲ ਮਚਾ ਦਿੱਤੀ ਹੈ। ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ
ਅੰਮ੍ਰਿਤਸਰ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਲਚਲ ਮਚਾ ਦਿੱਤੀ ਹੈ। ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਕੇ ਸਮੁੱਚੀ ਦੁਨੀਆ ਦੀਆਂ ਸਿੱਖ ਸੰਸਥਾਵਾਂ ਨੂੰ ਵਾਇਰਸ ਪੀੜਤ ਲੋਕਾਂ ਦੀ ਮਦਦ ਲਈ ਗੋਲਕਾਂ ਦੇ ਮੂੰਹ ਖੋਲ੍ਹਣ ਲਈ ਕਿਹਾ ਹੈ।
ਇਸ ਤੋਂ ਇਲਾਵਾ ਜਥੇਦਾਰ ਨੇ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ, ਸਰਾਂਵਾਂ ਨੂੰ ਲੋੜ ਪੈਣ 'ਤੇ ਮਰੀਜ਼ਾਂ ਲਈ ਤਿਆਰ ਰੱਖਣ ਦੇ ਵੀ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਧਾਰਮਿਕ ਸਮਾਗਮ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਘਰ ਵਿਚ ਹੀ ਰਹਿ ਕੇ ਗੁਰਬਾਣੀ ਦਾ ਜਾਪ ਕਰਨ ਸੰਦੇਸ਼ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਾਰੀਆਂ ਗੈਰ ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ 31 ਮਾਰਚ ਤੱਕ ਜਾਰੀ ਕੀਤੇ ਹਨ। ਸਿਰਫ ਜ਼ਰੂਰੀ ਸੇਵਾਵਾਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ। ਉੱਚ ਸਰਕਾਰੀ ਕਾਰਜਕਾਰੀ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਐੱਸ ਨੂੰ ਸਬੰਧਤ ਆਦੇਸ਼ ਜਾਰੀ ਕਰਨ ਅਤੇ ਪਾਬੰਦੀਆਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸ਼ਨੀਵਾਰ ਨੂੰ ਸੱਤ ਜ਼ਿਲ੍ਹਿਆਂ ਨੇ ਬੁੱਧਵਾਰ ਤੱਕ ਪੂਰਾ ਕੰਮ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਨਵੇਂ ਆਦੇਸ਼ ਨੇ ਪੂਰੇ ਰਾਜ ਵਿਚ 31 ਮਾਰਚ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਸਿਰਫ ਜ਼ਰੂਰੀ ਸੇਵਾਵਾਂ ਜਿਵੇਂ ਕਿ ਪੁਲਿਸ, ਸਿਹਤ, ਬਿਜਲੀ, ਐਮਰਜੈਂਸੀ ਆਵਾਜਾਈ, ਦੁੱਧ ਦੀ ਸਪਲਾਈ, ਖਾਣ ਪੀਣ ਦੀਆਂ ਚੀਜ਼ਾਂ, ਦਵਾਈਆਂ, ਆਦਿ, ਜਾਰੀ ਰਹਿਣਗੀਆਂ।