ਜ਼ਖ਼ਮੀ ਪੁਲਿਸ ਅਧਿਕਾਰੀਆਂ ਦਾ ਹਾਲ ਜਾਣਨ ਪੁੱਜੇ ਡੀਆਈਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਹੰਗਾਂ ਦੇ ਐਨਕਾਊਂਟਰ ਦੌਰਾਨ ਜ਼ਖ਼ਮੀ ਹੋਏ ਸਨ ਪੁਲਿਸ ਅਧਿਕਾਰੀ

DIG Hardial Singh Mann

ਅੰਮ੍ਰਿਤਸਰ: (ਰਾਜੇਸ਼ ਕੁਮਾਰ ਸੰਧੂ) ਮਹਾਰਾਸ਼ਟਰ ਪੁਲਿਸ ਨੂੰ ਕਤਲ ਕੇਸ ਵਿਚ ਲੋੜੀਂਦੇ ਦੋ ਨਿਹੰਗਾਂ ਨੇ ਬੀਤੇ ਦਿਨ ਤਰਨਤਾਰਨ ਪੁਲਿਸ ਦੇ ਦੋ ਇੰਸਪੈਕਟਰਾਂ ’ਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਅਪਣੇ ਬਚਾਅ ਵਿਚ ਗੋਲੀ ਚਲਾਉਣੀ ਪਈ, ਜਿਸ ਵਿਚ ਦੋਵੇਂ ਨਿਹੰਗਾਂ ਦੀ ਮੌਤ ਹੋ ਗਈ ਸੀ।

ਇਸ ਦੌਰਾਨ ਦੋ ਪੁਲਿਸ ਇੰਸਪੈਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ। ਇਸੇ ਦੌਰਾਨ ਡੀਆਈਜੀ ਹਰਦਿਆਲ ਸਿੰਘ ਮਾਨ ਅਤੇ ਐਸਐਸਪੀ ਤਰਨਤਾਰਨ ਜ਼ਖ਼ਮੀ ਪੁਲਿਸ ਅਧਿਕਾਰੀਆਂ ਦਾ ਹਾਲ ਚਾਲ ਜਾਣਨ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਪੁੱਜੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਦੋਵੇਂ ਨਿਹੰਗ ਨਾਂਦੇੜ ਵਿਚ ਬਾਬਾ ਸੰਤੋਖ ਸਿੰਘ ਦੇ ਕਤਲ ਨੂੰ ਲੈ ਕੇ ਮਹਾਰਾਸ਼ਟਰ ਪੁਲਿਸ ਨੂੰ ਲੋਂੜੀਂਦੇ ਸਨ।

 

ਨਾਂਦੇੜ ਪੁਲਿਸ ਦੀ ਇਨਪੁਟ ’ਤੇ ਜਦੋਂ ਤਰਨਤਾਰਨ ਪੁਲਿਸ ਨੇ ਦੋਵੇਂ ਨਿਹੰਗਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਦੋ ਇੰਸਪੈਕਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। 

ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਪਟਿਆਲਾ ਵਿਚ ਵੀ ਨਿਹੰਗਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ ਸੀ, ਜਿੱਥੇ ਇਕ ਨਿਹੰਗ ਨੇ ਪੁਲਿਸ ਮੁਲਾਜ਼ਮ ਦਾ ਹੱਥ ਵੱਢ ਦਿੱਤਾ ਸੀ।