ਪ੍ਰਵਾਸੀ ਭਾਰਤੀ ਨੇ ਘਰ ਵਿਚ ਹੀ ਲਗਾ ਰੱਖੇ ਸੀ ਪੋਸਤ ਦੇ ਬੂਟੇ, ਗ੍ਰਿਫ਼ਤਾਰ
ਦੋਸ਼ੀ ਰਜਿੰਦਰਪਾਲ ਸਿੰਘ ਅਫੀਮ ਖਾਣ ਦਾ ਆਦੀ ਹੈ
ਜਗਰਾਉਂ : ਜਗਰਾਉਂ ਨੇੜਲੇ ਪਿੰਡ ਜੋਧਾਂ ਦੇ ਇਕ ਐਨਆਰਆਈ ਨੇ ਅਪਣੇ ਘਰ ਵਿਚ ਪੋਸਤ ਦੇ 1600 ਬੂਟੇ ਲਗਾ ਰੱਖੇ ਸਨ। ਪੁਲਿਸ ਨੇ ਐਨਆਰਆਈ ਬਜ਼ੁਰਗ ਰਜਿੰਦਰਪਾਲ ਸਿੰਘ ਨੂੰ ਪੋਸਤ ਦੀ ਕਾਸ਼ਤ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਸਬ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਰਜਿੰਦਰਪਾਲ ਸਿੰਘ ਅਫੀਮ ਖਾਣ ਦਾ ਆਦੀ ਹੈ। ਉਸ ਦੀ ਪਤਨੀ, ਧੀਆਂ ਅਤੇ ਬੇਟਾ ਅਮਰੀਕਾ ਵਿਚ ਰਹਿੰਦੇ ਹਨ।
ਉਹ ਖ਼ੁਦ ਵੀ ਅਮਰੀਕਾ ਦਾ ਨਾਗਰਿਕ ਹੈ। ਕੁੱਝ ਸਾਲ ਪਹਿਲਾਂ ਉਹ ਪੰਜਾਬ ਆਇਆ ਸੀ ਅਤੇ ਵਾਪਸ ਅਮਰੀਕਾ ਨਹੀਂ ਗਿਆ। ਉਸ ਨੇ ਅਪਣੇ ਘਰ ਦੇ ਵਿਹੜੇ ਵਿਚ ਹੀ ਪੋਸਤ ਦੇ ਬੂਟੇ ਉਗਾਏ ਹੋਏ ਸਨ। ਪੁਲਿਸ ਨੇ ਦੱਸਿਆ ਕਿ ਪੋਸਤ ਦੇ ਬੂਟੇ ਤਿਆਰ ਹੋ ਚੁੱਕੇ ਸਨ। ਰਾਜਿੰਦਰ ਪਾਲ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਅਮਰੀਕਾ ਵਿਚ ਵੀ ਅਪਣੇ ਘਰ ਦੇ ਵਿਹੜੇ ਵਿਚ ਪੋਸਤ ਬੀਜਿਆ ਹੋਇਆ ਸੀ। ਉਥੇ ਇਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਸੀ ਅਤੇ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹੋ ਸੋਚਦਿਆਂ ਹੀ ਉਸਨੇ ਪਿੰਡ ਜੋਧਾ ਵਿਖੇ ਵੀ ਘਰ ਦੇ ਵਿਹੜੇ ਵਿਚ ਪੋਸਤ ਬੀਜ ਲਿਆ ਸੀ।