ਪੰਜਾਬ, ਹਰਿਆਣਾ ਸਮੇਤ ਬਹੁਤ ਸਾਰੇ ਖੇਤਰਾਂ ’ਚ ਅਗਲੇ ਦਿਨਾਂ ’ਚ ਮੀਂਹ ਤੇ ਗੜ੍ਹੇਮਾਰ ਦੀ ਸੰਭਾਵਨਾ
ਕਈ ਖੇਤਰਾਂ ’ਚ ਇਸ ਵੇਲੇ ਆਲੂ ਦੀ ਪਟਾਈ ਵੀ ਚੱਲ ਰਹੀ ਹੈ ਜੇ ਬਰਸਾਤ ਹੁੰਦੀ ਹੈ ਤਾਂ ਇਹ ਪਟਾਈ ਨੂੰ ਪ੍ਰਭਾਵਤ ਕਰਦੀ ਹੈ।
ਚੰਡੀਗੜ੍ਹ: ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ’ਚ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ’ਚ ਕਈ ਥਾਵਾਂ ਉੱਤੇ ਮੀਂਹ ਪੈ ਸਕਦਾ ਹੈ। ਇਸ ਨਾਲ ਕਣਕ ਦੀ ਫ਼ਸਲ ਉੱਤੇ ਅਸਰ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਖੇਤਰਾਂ ’ਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਦੌਰਾਨ ਦਿੱਲੀ, ਪੰਜਾਬ, ਹਰਿਆਣਾ ਅਤੇ ਭਾਰਤ ਦੇ ਕਈ ਉੱਤਰੀ ਰਾਜਾਂ ਵਿੱਚ ਝੱਖੜ, ਬਿਜਲੀ ਦੀਆਂ ਲਿਸ਼ਕਾਂ ਨਾਲ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਹੀਟਵੇਵ ਦੇ ਹਾਲਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਆਈਐਮਡੀ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਦੇਸ਼ ਵਿੱਚ ਕੋਈ ਹੀਟਵੇਵ ਦੀ ਸੰਭਾਵਤ ਨਹੀਂ ਹੈ।
ਇਸ ਵੇਲੇ ਪੰਜਾਬ ਸਮੇਤ ਸਾਰੇ ਉਤਰੀ ਖੇਤਰ ’ਚ ਕਣਕ ਦੀ ਫ਼ਸਲ ਪੱਕਣ ਦੇ ਕਿਨਾਰੇ ਹੈ ਤੇ ਅਗੇਤੀ ਫ਼ਸਲ ਆਮ ਤੌਰ ਉਤੇ ਅਪ੍ਰ੍ਰੈਲ ਦੇ ਪਹਿਲੇ ਹਫ਼ਤੇ ਮੰਡੀਆਂ ’ਚ ਆ ਜਾਂਦੀ ਹੈ। ਪਿਛਲੇ ਦਿਨੀ ਮੌਸਮ ’ਚ ਤਪਸ਼ ਆ ਗਈ ਸੀ ਪਰ ਹੁਣ ਫਿਰ ਮੌਸਮ ਬਦਲ ਗਿਆ ਹੈ ਅਤੇ ਮੌਸਮ ਠੰਢਾ ਹੈ ਜੋ ਕਣਕ ਲਈ ਕਾਫ਼ੀ ਲਾਹੇਵੰਦ ਸਾਬਿਤ ਹੁੰਦਾ ਹੈ। ਇਸ ਸਬੰਧੀ ਰਾਜ ਪੁਰਸਕਾਰ ਨਾਲ ਸਨਮਾਨਤ ਰਾਜਮੋਹਨ ਸਿੰਘ ਕਾਲੇਕਾ ਨੇ ਦੱਸਿਆ ਕਿ ਕਣਕ ਦੀ ਫ਼ਸਲ ਪੱਕਣ ਦੇ ਕੰਢੇ ਹੈ। ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।
ਜੇਕਰ ਬਰਸਾਤ ਹੁੰਦੀ ਹੈ ਤਾਂ ਕਣਕ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ ਜੇਕਰ ਬਰਸਾਤ ਤੋਂ ਬਾਅਦ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਇਹ ਕਣਕ ਦੀ ਫ਼ਸਲ ਨੂੰ ਧਰਤੀ ਉੱਤੇ ਵਿਛਾ ਸਕਦੀਆਂ ਹਨ ਪਰ ਜੇ ਗੜੇਮਾਰੀ ਹੁੰਦੀ ਹੈ ਤਾਂ ਇਹ ਨੁਕਸਾਨ ਦੇਹ ਹੁੰਦੀ ਹੈ। ਮੌਸਮ ਨੇ ਕਿਸਾਨਾਂ ਦੇ ਮਨਾਂ ’ਚ ਡਰ ਜ਼ਰੂੁਰ ਪੈਦਾ ਕੀਤਾ ਹੈ। ਕਈ ਖੇਤਰਾਂ ’ਚ ਇਸ ਵੇਲੇ ਆਲੂ ਦੀ ਪਟਾਈ ਵੀ ਚੱਲ ਰਹੀ ਹੈ ਜੇ ਬਰਸਾਤ ਹੁੰਦੀ ਹੈ ਤਾਂ ਇਹ ਪਟਾਈ ਨੂੰ ਪ੍ਰਭਾਵਤ ਕਰਦੀ ਹੈ।
ਇਸ ਵਾਰ ਕਣਕ ਦੀ ਫ਼ਸਲ ਬਹੁਤ ਵਧੀਆ ਹੈ ਜੇਕਰ ਮੌਸਮ ਹਾਲੇ ਕੁੱੱਝ ਦਿਨ ਹੋਰ ਠੰਢਾ ਰਹਿੰਦਾ ਹੈ ਇਸ ਦਾ ਸਿਧਾ ਅਸਰ ਕਣਕ ਦੇ ਝਾੜ ਉਤੇ ਪੈਂਦਾ ਹੈ ਪਰ ਜੇ ਮੌਸਮ ’ਚ ਗਰਮਾਇਸ਼ ਆਉਂਦੀ ਹੈ ਤਾਂ ਇਸ ਨਾਲ ਕਣਕ ਦਾ ਝਾੜ ਘਟਦਾ ਹੈ। ਕਿਸਾਨਾਂ ’ਚ ਮੌਸਮ ਦੀ ਲੁਕਣਮੀਟੀ ਨੇ ਕਿਸਾਨਾਂ ’ਚ ਸਹਿਮ ਪੈਦਾ ਕੀਤਾ ਹੋਇਆ ਹੈ। ਕਈ ਖੇਤਰਾਂ ’ਚ ਜਿਥੇ ਆਲੂ ਦੀ ਫ਼ਸਲ ਦੀ ਪਟਾਈ ਅਗੇਤੀ ਹੋ ਜਾਂਦੀ ਹੈ, ਉਥੇ ਕਿਸਾਨਾਂ ਨੇ ਮੱਕੀ ਉਤੇ ਕਈ ਖੇਤਰਾਂ ’ਚ ਸੱਠੀ ਮੂੰਗੀ ਨੂੰ ਤਰਜੀਹ ਦਿਤੀ ਜਾ ਰਹੀ ਹੈ।